ਅਕਾਲ ਤਖ਼ਤ ਸੁਖਬੀਰ ਬਾਦਲ ਨੂੰ ਸੰਮਨ ਕਰੇ, ਗੁਰਬਾਣੀ ਪ੍ਰਸਾਰਣ ਦਾ ਏਕਾਧਿਕਾਰ ਖਤਮ ਹੋਵੇ: ਜਾਖੜ

ਚੰਡੀਗੜ੍ਹ, 11 ਜਨਵਰੀ, 2020:
ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਤੇ ਇਕ ਟੀਵੀ ਚੈਨਲ ਦੇ ਏਕਾਧਿਕਾਰ ਨੂੰ ਗੁਰੂ ਸਾਹਿਬਾਨ ਵੱਲੋਂ ਵਿਖਾਏ ਸਰਵ ਸਾਂਝੀਵਾਲਤਾ ਦੇ ਸਿਧਾਂਤ ਦੇ ਉਲਟ ਦੱਸਿਆ ਹੈ।

ਉਨ੍ਹਾਂ ਨੇ ਫੇਸਬੁਕ ਰਾਹੀਂ ਦਰਬਾਰ ਸਾਹਿਬ ਤੋਂ ਜਾਰੀ ਹੁੰਦੇ ਪਵਿੱਤਰ ਹੁਕਮਨਾਮੇ ਨੂੰ ਸ਼ੇਅਰ ਕਰਨ ਤੋਂ ਪੀਟੀਸੀ ਚੈਨਲ ਵਲੋਂ ਰੋਕੇ ਜਾਣ ਨੂੰ ਬੇਹੱਦ ਮੰਦਭਾਗਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਗੁਰ ਮਰਿਆਦਾ ਨੂੰ ਢਾਹ ਲਗਾਉਣ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ ਅਤੇ ਪੰਥਕ ਰਵਾਇਤਾ ਅਨੁਸਾਰ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਤੋਂ ਕੀਤੀ ਹੈ।

ਅੱਜ ਇਥੋਂ ਜਾਰੀ ਬਿਆਨ ਵਿੱਚ ਸ੍ਰੀ ਜਾਖੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਕ ਪਾਸੇ ਪਾਰਟੀ ਦੇ ਪ੍ਰਧਾਨ ਹਨ ਉਥੇ ਚੈਨਲ ਦੀ ਮਾਲਕੀ ਵੀ ਉਨ੍ਹਾਂ ਕੋਲ ਹੈ ਅਤੇ ਐੱਸ ਜੀ ਪੀ ਸੀ ਦਾ ਪ੍ਰਧਾਨ ਵੀ ਉਨ੍ਹਾਂ ਖੁਦ ਹੀ ਥਾਪਿਆ ਹੈ, ਅਜਿਹੇ ਵਿਚ ਆਪਸੀ ਹਿੱਤਾਂ ਦੇ ਟਕਰਾਅ ਦੇ ਇਸ ਵਰਤਾਰੇ ਵਿਚ ਸੁਖਬੀਰ ਸਿੰਘ ਬਾਦਲ ਤੋਂ ਇਹ ਉਮੀਦ ਕਰਨੀ ਯੋਗ ਨਹੀਂ ਹੋਵੇਗੀ ਕਿ ਉਹ ਪੰਥਕ ਪਾਰਟੀ ਦੇ ਪ੍ਰਧਾਨ ਵਜੋਂ ਆਪਣੀ ਜਿੰਮੇਵਾਰੀ ਨਿਭਾਉਣਗੇ, ਇਸ ਲਈ ਜਰੂਰੀ ਹੋ ਜਾਂਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਮੁੱਦੇ ਤੇ ਦਖਲ ਦੇਵੇ ਅਤੇ ਗੁਰਬਾਣੀ ਤੱਕ ਸਭ ਦੀ ਪਹੁੰਚ ਯਕੀਨੀ ਬਣਾਉਣ ਲਈ ਕਾਰਵਾਈ ਕਰੇ।

ਉਨ੍ਹਾਂ ਕਿਹਾ ਕਿ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਕੇ ਗੁਰੂ ਸਾਹਿਬਾਨ ਨੇ ਇਸ ਪਵਿੱਤਰ ਸਥਾਨ ਨੂੰ ਸਭ ਲਈ ਸਾਂਝਾ ਬਣਾ ਦਿੱਤਾ ਸੀ। ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਸਭ ਧਰਮਾਂ ਤੇ ਵਰਣਾਂ ਲਈ ਇਕ ਸਮਾਨ ਸਤਿਕਾਰਤ ਹੈੇ। ਅਜਿਹੇ ਵਿੱਚ ਗੁਰਬਾਣੀ ਦੇ ਪ੍ਰਸਾਰਣ ਤੇ ਕਿਸੇ ਨਿੱਜੀ ਅਦਾਰੇ ਵਲੋਂ ਵਪਾਰਕ ਹਿੱਤਾਂ ਲਈ ਬੰਦਸਾਂ ਲਗਾਉਣੀਆਂ ਸਿੱਖ ਸਿਧਾਂਤਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਤੇ ਕੋਈ ਇਕ ਵਿਅਕਤੀ ਅਧਿਕਾਰ ਨਹੀਂ ਜਮਾਂ ਸਕਦਾ ਬਲਕਿ ਇਹ ਤਾਂ ਸਭ ਲਈ ਸਾਂਝੀ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਜੋ ਕਿ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਨਿਯੰਤ੍ਰਣ ਹੇਠ ਹੈ, ਵਲੋਂ ਨਿਗੁਣੀ ਰਕਮ ਬਦਲੇ ਸਰਵ ਸਾਂਝੀ ਗੁਰਬਾਣੀ ਦੇ ਪ੍ਰਸਾਰਣ ਦੇ ਅਧਿਕਾਰ ਸੁਖਬੀਰ ਸਿੰਘ ਬਾਦਲ ਦੀ ਮਲਕੀਅਤ ਵਾਲੇ ਨਿੱਜੀ ਚੈਨਲ ਨੁੰ ਦੇ ਦੇਣੇ ਇਸ ਸੰਸਥਾ ਦੀ ਕਾਰਗੁਜਾਰੀ ਤੇ ਪ੍ਰੰਸਨ ਚਿੰਨ੍ਹ ਲਗਾਉਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਤਾਂ ਸੁਖਬੀਰ ਸਿੰਘ ਬਾਦਲ ਫਰਾਂਸ ਅਤੇ ਹੋਰ ਦੂਜੇ ਮੁਲਕਾਂ ਵਿਚ ਸਿੱਖਾਂ ਦੀ ਦਸਤਾਰ ਦੀ ਰਾਖੀ ਦੀਆਂ ਗੱਲਾਂ ਕਰਦੇ ਹਨ ਦੂਜੇ ਪਾਸੇ ਉਨ੍ਹਾਂ ਦੇ ਆਪਣੇ ਸੂਬੇ ਵਿਚ ਗੁਰਬਾਣੀ ਨੂੰ ਕਿਸੇ ਇਕ ਚੈਨਲ ਦੀ ਮਲਕੀਅਤ ਬਣਾਉਣ ਦੀਆਂ ਸਾਜਿਸ਼ਾਂ ਹੋ ਰਹੀਆਂ ਹਨ ਅਤੇ ਇਹ ਸਭ ਕੁੱਝ ਵਾਪਰ ਵੀ ਉਸੇ ਐੱਸ ਜੀ ਪੀ ਸੀ ਦੀ ਛੱਤਰਛਾਇਆ ਹੇਠਾਂ ਰਿਹਾ ਹੈ ਜਿਸਦੇ ਪ੍ਰਧਾਨ ਦੇ ਨਾਮ ਦੀ ਪਰਚੀ ਸੁਖਬੀਰ ਸਿੰਘ ਬਾਦਲ ਦੀ ਜੇਬ ਚੋਂ ਨਿਕਲਦੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਦੀ ਤਾਂ ਸਾਰੀ ਸਿਆਸਤ ਹੀ ਧਰਮ ਅਧਾਰਿਤ ਰਹੀ ਹੈ ਅਤੇ ਇਸਦੇ ਆਗੂ ਫਕਰ ਨਾਲ ਇਸਨੂੰ ਪੰਥਕ ਪਾਰਟੀ ਵੀ ਆਖਦੇ ਹਨ। ਪਰ ਸ਼੍ਰੋਮਣੀ ਅਕਾਲੀ ਦਲ ਜੋ ਕਿ ਹੁਣ ਬਾਦਲ ਅਕਾਲੀ ਦਲ ਬਣ ਕੇ ਰਹਿ ਚੁੱਕਾ ਹੈ ਦੇ ਕੰਟਰੋਲ ਹੇਠਲੀ ਕਮੇਟੀ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਸੁਖਬੀਰ ਸਿੰਘ ਬਾਦਲ ਦੇ ਚਹੇਤੇ ਚੈਨਲ ਨੂੰ ਦੇਕੇ ਗੁਰਬਾਣੀ ਦੀ ਬੇਅਦਬੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੁਖਬੀਰ ਸਿੰਘ ਬਾਦਲ ਦਾ ਦੋਹਰਾ ਕਿਰਦਾਰ ਜਗ ਜਾਹਿਰ ਹੋ ਚੁੱਕਾ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਗੁਰਬਾਣੀ ਪ੍ਰਸਾਰਣ ਦੇ ਕਿਸੇ ਚੈਨਲ ਵਿਸੇਸ਼ ਨੂੰ ਦਿੱਤੇ ਅਧਿਕਾਰ ਤੁਰੰਤ ਰੱਦ ਕੀਤੇ ਜਾਣ ਅਤੇ ਪਵਿੱਤਰ ਹੁਕਮਨਾਮੇ ਦੀ ਆਡੀਓ ਜਾਂ ਵੀਡੀਓ ਫੇਸਬੁਕ ਜਾਂ ਕਿਸੇ ਵੀ ਹੋਰ ਮਾਧਿਅਮ ਰਾਹੀਂ ਸੇਅਰ ਕਰਨ ਤੇ ਲਗਾਈਆਂ ਰੋਕਾਂ ਹਟਾਈਆ ਜਾਣ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਤੋਂ ਸਾਰੇ ਚੈਨਲਾਂ ਨੂੰ ਬਾਣੀ ਦੇ ਪ੍ਰਸਾਰਣ ਦੀ ਆਗਿਆ ਦਿੱਤੀ ਜਾਵੇ।

ਸ੍ਰੀ ਜਾਖੜ ਨੇ ਪ੍ਰਕਾਸ ਸਿੰਘ ਬਾਦਲ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਸਲੇ ਤੇ ਨਿੱਜੀ ਦਖਲ ਦੇ ਕੇ ਆਪਣੇ ਪਰਿਵਾਰ ਤੇ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਵੇਚਣ ਦੇ ਲੱਗੇ ਕਲੰਕ ਨੂੰ ਧੋਣ ਲਈ ਅੱਗੇ ਆਉਣ ਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਰਾਹੀਂ ਐਸ ਜੀ ਪੀ ਸੀ ਵਲੋਂ ਗੁਰਬਾਣੀ ਦੇ ਕੀਤੇ ਜਾ ਰਹੇ ਅਨਾਦਰ ਨੂੰ ਰੁਕਵਾਉਣ।

Share News / Article

Yes Punjab - TOP STORIES