ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਦੇ ਪਰਿਵਾਰ ’ਤੇ ਜਾਨਲੇਵਾ ਹਮਲਾ: ਨਕਾਬਪੋਸ਼ਾਂ ਨੇ ਘਰ ’ਤੇ ਕੀਤੀ ਫ਼ਾਇਰਿੰਗ

ਯੈੱਸ ਪੰਜਾਬ
ਅੰਮ੍ਰਿਤਸਰ, 30 ਦਸੰਬਰ, 2021:
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਵਰਗੀ ਗਿਆਨੀ ਪ੍ਰਤਾਪ ਸਿੰਘ ਦੇ ਪਰਿਵਾਰ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ।

ਘਟਨਾ ਸੁਲਤਾਨਵਿੰਡ ਰੋਡ ਇਲਾਕੇ ਵਿੱਚ ਵਾਪਰੀ ਜਿੱਥੇ ਸਵਰਗੀ ਜਥੇਦਾਰ ਦਾ ਪਰਿਵਾਰ ਰਹਿੰਦਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਅੱਧੀ ਰਾਤ 2 ਨਕਾਬਪੋਸ਼ ਆਏ ਜਿਨ੍ਹਾ ਨੇ ਬਾਹਰੋਂ ਹੀ ਘਰ ’ਤੇ ਪਿਸਤੌਲਾਂ ਨਾਲ ਗੋਲੀਆਂ ਵਰ੍ਹਾਈਆਂ ਅਤੇ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ। ਪਰਿਵਾਰ ਅਨੁਸਾਰ 12 ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਦੇ ਖ਼ੋਲ ਵੀ ਬਰਾਮਦ ਕਰ ਲਏ ਗਏ ਹਨ। ਘਟਨਾ ਗੁਆਂਢੀ ਘਰ ਦੇ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ ਹੈ।

ਸਵਰਗੀ ਗਿਆਨੀ ਪ੍ਰਤਾਪ ਸਿੰਘ ਉੱਘੇ ਸਿੱਖ ਪ੍ਰਚਾਰਕ ਸਨ ਅਤੇ ਉਹ ਪਹਿਲਾਂ 1938 ਤੋਂ 19 48 ਤਕ 10 ਸਾਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਰਹੇ। ਇਸ ਮਗਰੋਂ ਉਹ 1952 ਤੋਂ 1954 ਤਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ।

ਇਸ ਘਟਨਾ ਵਿੱਚ ਕਿਸੇ ਵੀ ਵਿਅਕਤੀ ਨੂੰ ਕੋਈ ਨੁਕਸਾਨ ਪੁੱਜਣ ਦੀ ਖ਼ਬਰ ਨਹੀਂ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁੱਢਲੇ ਤੌਰ ’ਤੇ ਇਸਨੂੰ ਕਿਸੇ ਆਪਸੀ ਰੰਜਿਸ਼ ਦਾ ਮਾਮਲਾ ਸਮਝਿਆ ਜਾ ਰਿਹਾ ਹੈ ਪਰ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਐਸੀ ਰੰਜਿਸ਼ ਨਹੀਂ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ