32.1 C
Delhi
Monday, April 15, 2024
spot_img
spot_img

ਅਕਾਲ ਤਖ਼ਤ ਤੋਂ ਛੇਕੇ ਲੰਗਾਹ ਨੇ ਬਾਹਰੋ ਬਾਹਰ ਭੁੱਲ ਬਖ਼ਸ਼ਾਈ, ਹੋਏ ਪੰਥ ਵਿਚ ਸ਼ਾਮਿਲ?

ਯੈੱਸ ਪੰਜਾਬ

ਅੰਮ੍ਰਿਤਸਰ, 3 ਅਗਸਤ, 2020:

ਇਕ ਔਰਤ ਨਾਲ ਆਪਣੀ ਅਸ਼ਲੀਲ ਸੀ.ਡੀ. ਸਾਹਮਣੇ ਆਉਣ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਵਿਚੋਂ ਛੇਕੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਸਾਬਕਾ ਅਕਾਲੀ ਆਗੂ ਸ: ਸੁੱਚਾ ਸਿੰਘ ਲੰਗਾਹ ਨੇ ਅੱਜ ਅਕਾਲ ਤਖ਼ਤ ਸਾਹਿਬ ਤੋਂ ਲਾਂਭੇ ਜਾਂਦਿਆਂ ਗੁਰਦਾਸਪੁਰ ਦੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਚ ਪੰਜ ਪਿਆਰਿਆਂ ਤੋਂ ਭੁੱਲ ਬਖ਼ਸ਼ਵਾ ਲਈ ਜਿਸ ਉਪਰੰਤ ਉਨ੍ਹਾਂ ਨੂੰ ਅੰਮ੍ਰਿਤਪਾਨ ਕਰਵਾ ਕੇ ਧਾਰਮਿਕ ਸਜ਼ਾ ਲਗਾਈ ਗਈ ਅਤੇ ਉਨ੍ਹਾਂ ਨੂੰ ਮੁੜ ਪੰਥ ਵਿਚ ਸ਼ਾਮਿਲ ਕਰ ਲਿਆ ਗਿਆ।

ਇਸ ਵਰਤਾਰੇ ਨੇ ਪੰਥਕ ਹਲਕਿਆਂ ਵਿਚ ਹੈਰਾਨੀ ਪੈਦਾ ਕਰ ਦਿੱਤੀ ਹੈ ਕਿਉਂਜੋ ਹੁਣ ਤਕ ਇਹੀ ਪ੍ਰੰਪਰਾ ਰਹੀ ਹੈ ਕਿ ਸ੍ਰੀ ਅਕਾਲ ਤਖ਼ਤ ਤੋਂ ਛੇਕੇ ਗਏ ਵਿਅਕਤੀ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹੀ ਭੁੱਲ ਬਖ਼ਸਵਾ ਸਕਦੇ ਹਨ। ਇਸ ਵਰਤਾਰੇ ਨੇ ਸ:ਲੰਗਾਹ ਨੂੰ ਪੰਥ ਵਿਚ ਸ਼ਾਮਿਲ ਕਰਨ ਵਾਲੇ ਤਰਨਾ ਦਲ ਵੱਲੋਂ ਇਸ ਮਾਮਲੇ ਵਿਚ ਨਿਭਾਈ ਭੂਮਿਕਾ ’ਤੇ ਵੀ ਸੁਆਲ ਖੜ੍ਹੇ ਕਰ ਦਿੱਤੇ ਹਨ।

ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ: ਲੰਗਾਹ ਦੇ ਖਿਲਾਫ਼ ਹੁਕਮਨਾਮਾ ਪਹਿਲਾਂ ਵਾਂਗ ਹੀ ਹੈ ਅਤੇ ਉਨ੍ਹਾਂ ਦਾ ਅੱਜ ਵਾਲਾ ਵਰਤਾਰਾ ਉਨ੍ਹਾਂ ਦੇ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ’ਤੇ ਕੋਈ ਅਸਰ ਨਹੀਂ ਪਾਉਂਦਾ।

Sucha Singh Langah

ਇਸ ਮਾਮਲੇ ’ਤੇ ਸ: ਸੁਖ਼ਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ ਡੈਮੋਕਰੇਟਿਕ ਦੇ ਸੀਨੀਅਰ ਆਗੂ ਅਤੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਸ:ਨਿਧੜਕ ਸਿੰਘ ਬਰਾੜ ਨੇ ਵੀ ਤਿੱਖ਼ਾ ਪ੍ਰਤੀਕਰਮ ਜ਼ਾਹਿਰ ਕੀਤਾ ਹੈ। (ਹੇਠਾਂ ਪੜ੍ਹੋ)

ਜ਼ਿਕਰਯੋਗ ਹੈ ਕਿ 2017 ਵਿਚ ਸ: ਲੰਗਾਹ ਦੀ ਇਕ ਔਰਤ ਨਾਲ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਉਪਰੰਤ ਇਹ ਮਾਮਲਾ ਚਰਚਾ ਵਿਚ ਆਇਆ ਸੀ ਜਿਸ ਮਗਰੋਂ ਨਾ ਕੇਵਲ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ ਸਗੋਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਉਨ੍ਹਾਂ ਤੋਂ ਕਿਨਾਰਾ ਕਰਦਿਆਂ ਉੁਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ।

ਸ: ਲੰਗਾਹ ਅੱਜ ਗੁਰਦੁਆਰਾ ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ, ਗੁਰਦਾਸਪੁਰ ਵਿਖ਼ੇ ਪੁੱਜੇ ਜਿੱਥੇ ਤਰਨਾ ਦਲ ਦੇ ਮੁਖ਼ੀ ਬਾਬਾ ਜਥੇਦਾਰ ਬਾਬਾ ਤਰਸੇਮ ਸਿੰਘ ਮਹਿਤਾ ਚੌਂਕ ਦੀ ਅਗਵਾਈ ਵਿਚ ਪੂਰਨਮਾਸ਼ੀ ਦੇ ਮੌਕੇ ਕਰਾਏ ਗਏ ਸਲਾਨਾ ਸਮਾਗਮ ਦੌਰਾਨ ਸ: ਲੰਗਾਹ ਪਰਿਵਾਰ ਸਮੇਤ ਪੰਜਾਂ ਪਿਆਰਿਆਂ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਸਨਮੁਖ਼ ਖੜ੍ਹੇ ਹੋ ਕੇ ਆਪਣੀ ਭੁੱਲ ਮੰਨਦੇ ਹੋਏ ਖ਼ਿਮਾਜਾਚਨਾ ਕੀਤੀ।

ਜਾਣਕਾਰੀ ਅਨੁਸਾਰ ਪੰਜਾਂ ਪਿਆਰਿਆਂ ਨੇ ਸ:ਲੰਗਾਹ ਦੀ ਖ਼ਿਮਾਜਾਚਨਾ ਕਬੂਲ ਕਰਦਿਆਂ ਉਨ੍ਹਾਂ ਨੂੰ ਧਾਰਮਕਿ ਸਜ਼ਾ ਵੀ ਸੁਣਾਈ ਹੈ। ਉਨ੍ਹਾਂ ਨੂੰ 21 ਦਿਨ ਰੋਜ਼ਾਨਾ 1 ਘੰਟਾ ਗੁਰੂ ਘਰ ਵਿਚ ਝਾੜੂ ਮਾਰਨ ਦੀ ਤਨਖ਼ਾਹ ਲਗਾਈ ਗਈ ਅਤੇ ਦੁਬਾਰਾ ਅੰਮ੍ਰਿਤਪਾਨ ਕਰਵਾ ਦਿੱਤਾ ਗਿਆ। ਸ:ਲੰਗਾਹ ਨੇ ਅੱਜ ਹੀ ਉਨ੍ਹਾਂ ਨੂੰ ਲਗਾਈ ਗਈ ਤਨਖ਼ਾਹ ਅਨੁਸਾਰ ਸੇਵਾ ਵੀ ਸ਼ੁਰੂ ਕਰ ਦਿੱਤੀ।

ਸ: ਲੰਗਾਹ ਨੇ ਇਸ ਮੌਕੇ ਆਖ਼ਿਆ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਹੀ ਗੁਰੂ ਘਰ ਨੂੰ ਸਮਰਪਿਤ ਰਹੇ ਹਨ ਅਤੇ ਉਹ ਪੰਜਾਂ ਪਿਆਰਿਆਂ ਵੱਲੋਂ ਲਗਾਈ ਗਈ ਤਨਖ਼ਾਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਧਾਰਮਿਕ ਸਜ਼ਾ ਮੁਕੰਮਲ ਕਰ ਲੈਣ ਉਪਰੰਤ ਇਸੇ ਅਸਥਾਨ ’ਤੇ ਹੀ ਸੋਧ ਦੀ ਅਰਦਾਸ ਕਰਾਉਂਦਿਆਂ ਸਤਿਗੁਰੂ ਦਾ ਸ਼ੁਕਰਾਨਾ ਕੀਤਾ ਜਾਵੇਗਾ।

ਸ:ਲੰਗਾਹ ਨਾ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਡੇਰਾ ਬਾਬਾ ਨਾਨਕ ਤੋਂ ਸਾਬਕਾ ਵਿਧਾਇਕ ਅਤੇ ਸਾਬਕਾ ਮੰਤਰੀ ਰਹੇ ਸਨ ਸਗੋਂ ਉਹ ਸ਼੍ਰੋਮਣੀ ਕਮੇਟੀ ਮੈਂਬਰ ਵੀ ਰਹੇ ਸਨ। ਇਕ ਸਮੇਂ ਤਾਂ ਉਨ੍ਹਾਂ ਦਾ ਨਾਂਅ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਵੀ ਚੱਲਦਾ ਸੀ।

ਜ਼ਿਕਰਯੋਗ ਹੈ ਕਿ 2017 ਵਿਚ ਦਰਜ ਹੋਏ ਇਸ ਮਾਮਲੇ ਦੇ ਚਾਰ ਮਹੀਨਿਆਂ ਬਾਅਦ ਹੀ ਕਥਿਤ ਤੌਰ ’ਤੇ ਵੀਡੀਓ ਵਿਚ ਨਜ਼ਰ ਆਈ ਔਰਤ, ਜਿਸ ਨੇ ਸ: ਲੰਗਾਹ ਖਿਲਾਫ਼ ਸ਼ਿਕਾਇਤਾਂ ਵੀ ਕੀਤੀਆਂ ਅਤੇ ਬਿਆਨ ਵੀ ਕਰਾਏ ਸਨ ਅਤੇ ਜਿਸ ਦੇ ਬਿਆਨਾਂ ਦ ਆਧਾਰ ’ਤ ਸ:ਲੰਗਾਹ ਵਿਰੁੱਧ ਬਲਾਤਕਾਰ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਨੇ ਯੂ ਟਰਨ ਲੈ ਲਿਆ ਸੀ ਅਤੇ ਕਿਹਾ ਸੀ ਕਿ ਉਸ ਵੱਲੋਂ ਦਿੱਤੇ ਸਾਰੇ ਬਿਆਨ ਜਾਂ ਤਾਂ ਝੂਠੇ ਸਨ ਜਾਂ ਫ਼ਿਰ ਦਬਾਅ ਹੇਠ ਲਏ ਗਏ ਸਨ। ਇਸ ’ਤੇ ਗੁਰਦਾਸਪੁਰ ਦੀ ਅਦਾਲਤ ਨੇ ਸ:ਲੰਗਾਹ ਨੂੰ ਉਸ ਮਾਮਲੇ ਵਿਚੋਂ ਬਰੀ ਕਰ ਦਿੱਤਾ ਸੀ।

ਇਸ ਮਗਰੋਂ ਸ: ਲੰਗਾਹ ਨੇ ਪੰਥ ਵਿਚ ਵਾਪਸੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤਕ ਪਹੁੰਚ ਕੀਤੀ ਸੀ ਪਰ ਉਨ੍ਹਾਂ ਦੀ ਇਸ ਸੰਬੰਧੀ ਬੇਨਤੀ ਨੂੰ ਸਿੰਘ ਸਾਹਿਬਾਨ ਵੱਲੋਂ ਪ੍ਰਵਾਨ ਨਹੀਂ ਕੀਤਾ ਗਿਆ ਸੀ।

ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਡੈਮੋਰਕਰੇਟਿਕ ਦੇ ਸੀਨੀਅਰ ਆਗੂ ਅਤੇ ਰਾਜ ਸੂਚਨਾ ਕਮਿਸ਼ਨਰ ਪੰਜਾਬ ਸ:ਨਿਧੱੜਕ ਸਿੰਘ ਬਰਾੜ ਨੇ ਇਕ ਬਿਆਨ ਰਾਹੀਂ ਇਸ ਗੱਲ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਬੱਜਰ ਕੁਰਹਿਤ ਕਰਨ ਵਾਲੇ ਸੁੱਚ ਸਿੰਘ ਲੰਗਾਹ ਨੇ ਅਕਾਲ ਤਖ਼ਤ ਸਾਹਿਬ ਨੂੰ ਬਾਈਪਾਸ ਕਰਕੇ ਅਖ਼ੌਤੀ ਨਿਹੰਗਾਂ ਰਾਹੀਂ ਅੰਮ੍ਰਿਤ ਛਕ ਕੇ ਗੁਰੂ ਪੰਥ ਵਿਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕੀਤੀ ਹੈ।

ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਇਸ ਸੰਬੰਧੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਕਿਸੇ ਬੰਦੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਛੇਕਿਆ ਹੋਵੇ ਤਾਂ ਕੋਈ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਲਟ ਜਾ ਕੇ ਇਸ ਤਰ੍ਹਾਂ ਗੁਰੂ ਪੰਥ ਵਿਚ ਸ਼ਾਮਿਲ ਕਰ ਸਕਦਾ ਹੈ?


ਪੰਜਾਬੀ ਖ਼ਬਰਾਂ ਲਈ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ – ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION