ਅਕਾਲੀ ਵਿਧਾਇਕ ਡੀਜੀਪੀ ਨੂੰ ਮਿਲ ਕੇ ਸੁਖਜਿੰਦਰ ਰੰਧਾਵਾ ਖ਼ਿਲਾਫ ਕਾਰਵਾਈ ਕਰਨ ਦੀ ਮੰਗ ਕਰਨਗੇ

ਚੰਡੀਗੜ੍ਹ, 25 ਨਵੰਬਰ, 2019:

ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਸਾਬਕਾ ਅਕਾਲੀ ਸਰਪੰਚ ਦਲਬੀਰ ਢਿੱਲਵਾਂ ਦੇ ਕਾਤਲਾਂ ਦੀ ਪੁਸ਼ਤਪਨਾਹੀ ਕਰਨ ਅਤੇ ਸੂਬੇ ਦੀਆਂ ਜੇਲ੍ਹਾਂ ਅੰਦਰ ਗੈਗਸਟਰਾਂ ਨੂੰ ਖੁੱਲ੍ਹੀ ਛੋਟ ਦੇਣ ਲਈ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਤੁਰੰਤ ਬਰਖਾਸਤ ਕੀਤੇ ਜਾਣ ਦੀ ਮੰਗ ਕੀਤੀ ਹੈ।

ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਹੋਈ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਵਿਚ ਇਹ ਮਤਾ ਪਾਸ ਕੀਤਾ ਗਿਆ ਕਿ ਪਾਰਟੀ ਵਿਧਾਇਕਾਂ ਦਾ ਇੱਕ ਵਫ਼ਦ ਪੰਜਾਬ ਦੇ ਡੀਜੀਪੀ ਨੂੰ ਮਿਲੇਗਾ ਅਤੇ ਮੰਗ ਕਰੇਗਾ ਕਿ ਦਲਬੀਰ ਢਿੱਲਵਾਂ ਦੇ ਪਰਿਵਾਰ ਦੇ ਬਿਆਨ ਮੁਤਾਬਿਕ ਸੁਖਜਿੰਦਰ ਰੰਧਾਵਾ ਖ਼ਿਲਾਫ ਕੇਸ ਦਰਜ ਕੀਤਾ ਜਾਵੇ।

ਕੋਰ ਕਮੇਟੀ ਨੇ ਇਹ ਵੀ ਕਿਹਾ ਕਿ ਜੇਕਰ ਡੀਜੀਪੀ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਦਾ ਹੈ ਤਾਂ ਅਕਾਲੀ ਦਲ ਇਹ ਮਸਲਾ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਕੋਲ ਲੈ ਕੇ ਜਾਵੇਗਾ ਅਤੇ ਰੰਧਾਵਾ ਖ਼ਿਲਾਫ ਤੁਰੰਤ ਕਾਰਵਾਈ ਦੀ ਮੰਗ ਕਰੇਗਾ।

ਕੋਰ ਕਮੇਟੀ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਕਿ ਜੇਲ੍ਹ ਮੰਤਰੀ ਰੇਤ, ਸ਼ਰਾਬ ਅਤੇ ਡਰੱਗ ਮਾਫੀਆ ਦੀ ਪੁਸ਼ਤਪਨਾਹੀ ਕਰਨ ਲਈ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰ ਰਿਹਾ ਹੈ ਅਤੇ ਹੁਣ ਇਹ ਹਾਲਾਤ ਬਣ ਚੁੱਕੇ ਹਨ ਕਿ ਰੰਧਾਵਾ ਇਹਨਾਂ ਸਾਰੇ ਗਿਰੋਹਾਂ ਦੇ ਸੀਈਓ ਵਾਂਗ ਕੰਮ ਕਰ ਰਿਹਾ ਹੈ।

ਕੋਰ ਕਮੇਟੀ ਨੇ ਕਿਹਾ ਕਿ ਜੇਲ੍ਹ ਮੰਤਰੀ ਵਿਰੁੱਧ ਲੱਗੇ ਦੋਸ਼ਾਂ ਦੀ ਗੰਭੀਰਤਾ ਨੂੰ ਵੇਖਦੇ ਹੋਏ ਅਤੇ ਇਸ ਤੱਥ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਬਟਾਲਾ ਪੁਲਿਸ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ ਹੈ, ਇਹ ਕੇਸ ਡੂੰਘੀ ਜਾਂਚ ਲਈ ਸੀਬੀਆਈ ਨੂੰ ਸੌਂਪ ਦੇਣਾ ਚਾਹੀਦਾ ਹੈ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕੋਰ ਕਮੇਟੀ ਨੂੰ ਦੱਸਿਆ ਕਿ ਉਹ ਅਕਾਲੀ ਵਰਕਰ ਦਲਬੀਰ ਢਿੱਲਵਾਂ ਦੇ ਭੋਗ ਸਮਾਗਮ ਵਿਚ ਹਿੱਸਾ ਲੈਣਗੇ।

ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਇਸ ਗੱਲ ਦਾ ਵੀ ਸਖ਼ਤ ਨੋਟਿਸ ਲਿਆ ਕਿ ਸੁਖਜਿੰਦਰ ਰੰਧਾਵਾ ਦੀ ਨਿਗਰਾਨੀ ਹੇਠ ਸੂਬੇ ਦੀਆਂ ਜੇਲ੍ਹਾਂ ਅੰਦਰ ਗੈਗਸਟਰਾਂ ਨੂੰ ਮਨਆਈਆਂ ਕਰਨ ਦੀ ਖੁੱਲ੍ਹ ਦਿੱਤੀ ਹੋਈ ਹੈ। ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਜਿਵੇਂ ਮੰਤਰੀ ਅਤੇ ਗੈਂਗਸਟਰਾਂ ਦਾ ਕੋਈ ਗਠਜੋੜ ਹੋਵੇ ਅਤੇ ਇਸ ਗਠਜੋੜ ਨੂੰ ਰੰਧਾਵਾ ਨੂੰ ਬਰਖਾਸਤ ਕਰਕੇ ਹੀ ਤੋੜਿਆ ਜਾ ਸਕਦਾ ਹੈ।

ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਦਿੱਤੇ ਬਿਆਨ ਕਿ ਸੂਬੇ ਦੀ ਮਾਲੀ ਹਾਲਤ ਸੰਕਟ ਭਰੀ ਹੈ, ਦਾ ਨੋਟਿਸ ਲੈਂਦਿਆਂ ਕੋਰ ਕਮੇਟੀ ਨੇ ਕਿਹਾ ਕਿ ਇਹ ਸਭ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਮਾਫੀਆ ਨਾਲ ਮਿਲ ਕੇ ਕੀਤੀ ਸਰਕਾਰੀ ਖਜ਼ਾਨੇ ਦੀ ਲੁੱਟ ਕਰਕੇ ਵਾਪਰਿਆ ਹੈ।

ਕਮੇਟੀ ਨੇ ਕਿਹਾ ਕਿ ਜਿਹੜਾ ਪੈਸਾ ਸਰਕਾਰੀ ਖਜ਼ਾਨੇ ਵਿਚ ਜਾਣਾ ਚਾਹੀਦਾ ਹੈ, ਉਸ ਨੂੰ ਕਾਂਗਰਸੀ ਵਿਧਾਇਕਾਂ ਦੁਆਰਾ ਹੇਰਾਫੇਰੀ ਕਰਕੇ ਲੁੱਟਿਆ ਜਾ ਰਿਹਾ ਹੈ ਅਤੇ ਇਮਾਨਦਾਰ ਅਧਿਕਾਰੀਆਂ ਨੂੰ ਕਾਂਗਰਸੀ ਆਗੂਆਂ ਅਤੇ ਉਹਨਾਂ ਦੇ ਮਾਫੀਆ ਅਨਸਰਾਂ ਦੀਆਂ ਬੇਈਮਾਨੀਆਂ ਉੱਤੇ ਪਰਦਾ ਪਾਉਣ ਵਾਸਤੇ ਮਜ਼ਬੂਰ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਕੋਰ ਕਮੇਟੀ ਨੇ ਸੁਲਤਾਨਪੁਰ ਲੋਧੀ ਅਤੇ ਬਾਕੀ ਧਾਰਮਿਕ ਅਸਥਾਨਾਂ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਸਮਾਗਮਾਂ ਦੀ ਸਫਲਤਾ ਲਈ ਗੁਰੂ ਸਾਹਿਬ ਅਤੇ ਸਿੱਖ ਸੰਗਤ ਦਾ ਸ਼ੁਕਰਾਨਾ ਅਦਾ ਕੀਤਾ।

ਕੋਰ ਕਮੇਟੀ ਨੇ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ ਦੀ ਮੌਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਵੱਲੋਂ ਸਮਾਜ ਦੀ ਕੀਤੀ ਸੇਵਾ ਨੂੰ ਸਰਾਹਿਆ। ਕਮੇਟੀ ਨੇ ਐਸਜੀਪੀਸੀ ਮੈਂਬਰਾਂ ਸ਼ਿੰਗਾਰਾ ਸਿੰਘ ਲੋਹੀਆਂ ਅਤੇ ਸੁਰਿੰਦਰਪਾਲ ਸਿੰਘ ਬੱਦੋਵਾਲ ਦੀ ਮੌਤ ਉੱਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।

ਕੋਰ ਕਮੇਟੀ ਦੀ ਮੀਟੰਗ ਵਿਚ ਚਰਨਜੀਤ ਸਿੰਘ ਅਟਵਾਲ, ਬਲਵਿੰਦਰ ਸਿੰਘ ਭੂੰਦੜ,ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ,ਡਾਕਟਰ ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਗੁਲਜ਼ਾਰ ਸਿੰਘ ਰਣੀਕੇ, ਹਰੀ ਸਿੰਘ ਜ਼ੀਰਾ, ਬੀਬੀ ਉਪਿੰਦਰਜੀਤ ਕੌਰ, ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ ਰੱਖੜਾ ਅਤੇ ਬਲਦੇਵ ਸਿੰਘ ਮਾਨ ਨੇ ਭਾਗ ਲਿਆ।

Share News / Article

Yes Punjab - TOP STORIES