ਅਕਾਲੀ, ਭਾਜਪਾ ਵਿਧਾਇਥਾਂ ਨੇ ‘ਸੁੱਤੀ ਸਰਕਾਰ’ ਜਗਾਉਣ ਲਈ ਵਿਧਾਨ ਸਭਾ ’ਚ ਵਜਾਏ ਛੁਣਕਣੇ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਚੰਡੀਗੜ੍ਹ, 16 ਜਨਵਰੀ, 2020:

ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦਲ ਦੇ ਮੈਂਬਰਾਂ ਨੇ ਅੱਜ ਕਾਂਗਰਸ ਸਰਕਾਰ ਨੂੰ ਕੁੰਭਕਰਨੀ ਨੀਂਦ ਚੋਂ ਜਗਾ ਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਾਸਤੇ ਮਜ਼ਬੂਰ ਕਰਨ ਲਈ ਵਿਧਾਨ ਸਭਾ ਅੰਦਰ ਛੁਣਛੁਣੇ ਵਜਾ ਕੇ ਸਰਕਾਰ ਦੀ ਪੋਲ੍ਹ ਖੋਲ੍ਹੀ ਅਤੇ ਰਾਜਪਾਲ ਦੇ ਭਾਸ਼ਣ ਦੌਰਾਨ ਵਿਧਾਨ ਸਭਾ ਵਿਚੋਂ ਵਾਕਆਊਟ ਕੀਤਾ।

ਅਕਾਲੀ ਵਿਧਾਇਕ ਦਲ ਦੇ ਆਗੂ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ਅਕਾਲੀ-ਭਾਜਪਾ ਵਿਧਾਇਕ ਦਲ ਦੇ ਮੈਂਬਰਾਂ ਨੇ ਛੋਟੀ ਕਾਂਗਰਸ-ਆਪ ਅਤੇ ਅਸਲੀ ਕਾਂਗਰਸ ਵੱਲੋਂ ਲੋਕਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਲਈ ਆਪਸ ਵਿਚ ਕੀਤੀ ਮਿਲੀਭੁਗਤ ਦੀ ਸਖ਼ਤ ਨਿਖੇਧੀ ਕੀਤੀ।

ਉਹਨਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੂੰ ਸਿਰਫ ਆਪਣੀ ਕੁਰਸੀ ਬਚਾਉਣ ਦੀ ਲੱਗੀ ਹੈ, ਜਦਕਿ ਚਾਰ ਆਪ ਵਿਧਾਇਕ- ਸੁਖਪਾਲ ਖਹਿਰਾ, ਮਾਸਟਰ ਬਲਦੇਵ ਸਿੰਘ, ਨਿਰਮਲ ਮਾਨਸ਼ਾਹੀਆ ਅਤੇ ਅਮਰਜੀਤ ਸੰਦੋਆ ਨੂੰ ਸਿਰਫ ਅਯੋਗ ਠਹਿਰਾਏ ਜਾਣ ਤੋਂ ਬਚਣਾ ਚਾਹੁੰਦੇ ਹਨ, ਇਸ ਲਈ ਲੋਕਾਂ ਵੱਲੋਂ ਉਹਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਸੰਬੰਧੀ ਉਠਾਈ ਜਾ ਰਹੀ ਆਵਾਜ਼ ਨੂੰ ਅਣਸੁਣਿਆ ਕੀਤਾ ਜਾ ਰਿਹਾ ਹੈ।

ਪੰਜਾਬ ਦੇ ਲੋਕਾਂ ਨਾਲ ਇੱਕਮੁੱਠਤਾ ਦਾ ਇਜ਼ਹਾਰ ਕਰਦਿਆਂ ਅਕਾਲੀ-ਭਾਜਪਾ ਵਿਧਾਇਕ ਦਲ ਨੇ ਪਹਿਲਾਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਮਾਜ ਦੇ ਹਰ ਵਰਗ ਨਾਲ ਵਿਸ਼ਵਾਸ਼ਘਾਤ ਕੀਤਾ ਹੈ। ਇਸ ਤੋਂ ਬਾਅਦ ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸ ਸਰਕਾਰ ਵੱਲੋਂ ਰਾਜਪਾਲ ਕੋਲੋਂ ਪੜ੍ਹਾਏ ਜਾ ਰਹੇ ਝੂਠਾਂ ਖ਼ਿਲਾਫ ਵਿਧਾਇਕ ਆਪਣੀਆਂ ਸੀਟਾਂ ਉੱਤੇ ਖੜ੍ਹੇ ਹੋ ਗਏ। ਇਸ ਤੋਂ ਬਾਅਦ ਉਹਨਾਂ ਨੇ ਛੁਣਛੁਣੇ ਵਜਾਉਂਦੇ ਹੋਏ ਵਿਧਾਨ ਸਭਾ ਵਿਚੋਂ ਵਾਕਆਊਟ ਕਰ ਦਿੱਤਾ।

ਵਿਧਾਨ ਸਭਾ ਦੇ ਗਲਿਆਰੇ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਭਾਵੇਕਿ ਇਹ ਰਾਜਪਾਲ ਦਾ ਚੌਥਾ ਭਾਸ਼ਣ ਸੀ, ਪਰੰਤੂ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਅਜੇ ਤਕ ਪੂਰਾ ਨਹੀਂ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਮੁਕੰਮਲ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਨਾ ਕਰਨ ਕਰਕੇ ਪੰਜਾਬ ਅੰਦਰ ਕਿਸਾਨ ਖੁਦਕੁਸ਼ੀਆਂ ਵਿਚ ਭਾਰੀ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਸਰਕਾਰ ਨੌਜਵਾਨਾਂ ਨਾਲ ਕੀਤੇ ‘ਘਰ ਘਰ ਨੌਕਰੀ, 2500 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਅਤੇ ਸਮਾਰਟ ਫੋਨ ਦੇਣ ਦੇ ਕੀਤੇ ਸਾਰੇ ਵਾਅਦਿਆਂ ਤੋਂ ਮੁਕਰ ਚੁੱਕੀ ਹੈ।

‘ਚਾਹੁੰਦਾ ਹੈ ਪੰਜਾਬ, ਕੈਪਟਨ ਤੋਂ ਜੁਆਬ’ ਦੇ ਨਾਅਰਿਆਂ ਦੌਰਾਨ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਨੇ ਅਨੁਸੂਚਿਤ ਜਾਤੀਆਂ ਅਤੇ ਸਮਾਜ ਦੇ ਗਰੀਬ ਤਬਕਿਆਂ ਨਾਲ ਧਰੋਹ ਕੀਤਾ ਹੈ। ਉਹਨਾਂ ਕਿਹਾ ਕਿ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਬੰਦ ਕਰਕੇ ਉਹਨਾਂ ਨੂੰ ਉਚੇਰੀ ਪੜ੍ਹਾਈ ਕਰਨ ਤੋਂ ਰੋਕਿਆ ਗਿਆ ਹੈ।

ਉਹਨਾਂ ਕਿਹਾ ਕਿ ਇਸੇ ਤਰ੍ਹਾਂ ਸਰਦਾਰ ਪਰਕਾਸ਼ ਸਿੰਘ ਬਾਦਲ ਦੁਆਰਾ ਦਲਿਤ ਖਪਤਕਾਰਾਂ ਨੂੰ ਦਿੱਤੀ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਵੀ ਵਾਧੂ ਲੋਡ ਦਾ ਬਹਾਨਾ ਬਣਾ ਕੇ ਬੰਦ ਕਰ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਬਿਜਲੀ ਦੇ ਮੋਟੇ ਬਿਲ ਭੇਜ ਦਿੱਤੇ ਗਏ ਹਨ।

ਉਹਨਾਂ ਦੱਸਿਆ ਕਿ 51 ਹਜ਼ਾਰ ਰੁਪਏ ਦੀ ਸ਼ਗਨ ਸਕੀਮ ਦਾ ਵਾਅਦਾ ਅਜੇ ਤਕ ਪੂਰਾ ਨਹੀਂ ਕੀਤਾ।ਇਸੇ ਤਰ੍ਹਾਂ ਆਟਾ ਦਾਲ ਸਕੀਮ ਦੇ ਨਾਲ ਚੀਨੀ ਅਤੇ ਚਾਹ ਪੱਤੀ ਦਾ ਵਾਅਦਾ ਵੀ ਅਧੂਰਾ ਪਿਆ ਹੈ। ਇੱਥੋਂ ਤਕ ਕਿ ਬੁਢਾਪਾ ਪੈਨਸ਼ਨ ਵਰਗੀਆਂ ਸਕੀਮਾਂ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਹੈ।

ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਭਖਦੇ ਮੁੱਦਿਆਂ ਉੱਤੇ ਚਰਚਾ ਕਰਨ ਤੋਂ ਇਨਕਾਰ ਕੀਤਾ ਰਿਹਾ ਹੈ, ਇਸ ਲਈ ਇਹ ਇਜਲਾਸ ਸਿਰਫ ਰਸਮੀ ਕਾਰਵਾਈ ਹੈ, ਸਰਦਾਰ ਢਿੱਲੋਂ ਨੇ ਕਿਹਾ ਕਿ ਰਾਜਪਾਲ ਵੀਪੀ ਸਿੰਘ ਬਦਨੌਰ ਵੀ ਰਾਜਪਾਲ ਦੇ ਭਾਸ਼ਣ ਦੇ ਕਈ ਪੈਰ੍ਹੇ ਬਿਨਾਂ ਪੜ੍ਹੇ ਹੀ ਛੱਡ ਗਏ, ਕਿਉਂਕਿ ਉਹ ਪੰਜਾਬ ਦੇ ਲੋਕਾਂ ਦੀ ਹੋ ਰਹੀ ਦੁਰਦਸ਼ਾ ਤੋਂ ਪਰੇਸ਼ਾਨ ਸਨ।

ਉਹਨਾਂ ਕਿਹਾ ਕਿ ਲੋਕਾਂ ਦਾ ਬੁਰਾ ਹਾਲ ਹੈ ਅਤੇ ਕਰਮਚਾਰੀਆਂ ਨੂੰ 5000 ਕਰੋੜ ਰੁਪਏ ਦੇ ਡੀਏ ਬਕਾਏ ਨਹੀਂ ਦਿੱਤੇ ਜਾ ਰਹੇ ਹਨ ਅਤੇ ਕਾਂਗਰਸ ਸਰਕਾਰ ਸੰਵਿਧਾਨ ਦੀ ਉਲੰਘਣਾ ਕਰਕੇ ਨਿਯੁਕਤ ਕੀਤੇ ਸਲਾਹਕਾਰਾਂ ਦੀ ਫੌਜ ਉੱਤੇ ਪਾਣੀ ਵਾਂਗ ਪੈਸਾ ਵਹਾ ਰਹੀ ਹੈ। ਉਹਨਾਂ ਨੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਨਾ ਕਰਨ ਅਤੇ ਠੇਕੇ ਉੱਤੇ ਰੱਖੇ 27 ਹਜ਼ਾਰ ਕਾਮਿਆਂ ਨੂੰ ਪੱਕੇ ਨਾ ਕਰਨ ਲਈ ਵੀ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •