ਅਕਾਲੀ ਨੇਤਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਦਾ ਯੂ.ਕੇ. ਦੇ ਗੁਰਦੁਆਰਾ ਸਾਹਿਬ ’ਚ ਸਨਮਾਨ

ਯੈੱਸ ਪੰਜਾਬ

ਸਲੋਹ, ਯੂ.ਕੇ., 3 ਸਤੰਬਰ, 2019 –

ਅਕਾਲੀ ਨੇਤਾ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਜਲੰਧਰ ਇਮਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਦਾ ਇੰਗਲੈਂਡ ਪੁੱਜਣ ’ਤੇ ਸਲੋਹ ਦੇ ਰਾਮਗੜ੍ਹੀਆ ਗੁਰਦੁਆਰਾ ਸਾਹਿਬ ਵਿਖੇ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ।

ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ: ਸੀਤਲ ਸਿੰਘ ਲਾਲ ਅਤੇ ਸਾਬਕਾ ਪ੍ਰਧਾਨ ਸ: ਹਰਜਿੰਦਰ ਸਿੰਘ ਗਹੀਰ ਕੌਂਸਲਰ ਨੇ ਇਸ ਮੌਕੇ ਸ: ਰਾਏਪੁਰ ਦੀਆਂ ਪੰਥਕ ਅਤੇ ਪੰਜਾਬ ਪ੍ਰਤੀ ਸੇਵਾਵਾਂ ਦਾ ਖ਼ਾਸ ਤੌਰ ’ਤੇ ਜ਼ਿਕਰ ਕੀਤਾ।

ਸ: ਰਾਏਪੁਰ ਨੇ ਇਸ ਮੌਕੇ ਬੋਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਅਤੇ ਸਮੂਹ ਸੰਗਤਾਂ ਨੂੰ ਸੱਦਾ ਦਿੱਤਾ ਕਿ ਉਹ ਇਹਨਾਂ ਸਮਾਗਮਾਂ ਵਿਚ ਵਧ ਚੜ੍ਹ ਕੇ ਹਾਜ਼ਰੀਆਂ ਭਰਣ।

ਜਥੇਦਾਰ ਰਾਏਪੁਰ ਨੇ ਸਲੋਹ ਦੀਆਂ ਸਿੱਖ ਸੰਗਤਾਂ ਦਾ ਵਿਸ਼ੇਸ਼ ਤੌਰ ’ਤੇ ਅਤੇ ਸਮੂਹ ਸਲੋਹ ਨਿਵਾਸੀਆਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਉਹਨਾਂ ਦੇ ਭਤੀਜੇ ਅਤੇ ਨੌਜਵਾਨ ਸਿੱਖ ਆਗੂ ਸ:ਤਨਮਨਜੀਤ ਸਿੰਘ ਢੇਸੀ ਨੂੰ ਸਲੋਹ ਤੋਂ ਐਮ.ਪੀ. ਚੁਣ ਕੇ ਢੇਸੀ ਪਰਿਵਾਰ ਦਾ ਮਾਨ ਵਧਾਉਣ ਦੇ ਨਾਲ ਨਾਲ ਸ: ਤਨਮਨਜੀਤ ਸਿੰਘ ਨੂੰ ਸੇਵਾ ਦਾ ਇਕ ਵੱਡਾ ਮੌਕਾ ਬਖ਼ਸ਼ਿਆ ਹੈ।

ਇਸ ਮੌਕੇ ਸ:ਤਨਮਨਜੀਤ ਸਿੰਘ ਢੇਸੀ, ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਸ: ਰਵਿੰਦਰ ਸਿੰਘ ਪਨੇਸਰ ਅਤੇ ਸ੍ਰੀ ਬੌਬੀ ਜੂਤਲਾ ਸਮੇਤ ਹੋਰ ਸੰਗਤਾਂ ਹਾਜ਼ਰ ਸਨ।

Share News / Article

YP Headlines