24 C
Delhi
Sunday, February 25, 2024
spot_img
spot_img
spot_img
spot_img
spot_img
spot_img
spot_img

ਅਕਾਲੀ ਦਲ ਵੱਲੋਂ ਬਾਬਾ ਅਤੇ ਢਿਲਵਾਂ ਦੇ ਕਾਤਲਾਂ ਦੀ ਗਿਰਫ਼ਤਾਰੀ ਲਈ ਕਾਂਗਰਸ ਸਰਕਾਰ ਨੂੰ ਹਫ਼ਤੇ ਦਾ ਅਲਟੀਮੇਟਮ

ਚੰਡੀਗੜ੍ਹ, 03 ਜਨਵਰੀ, 2019 –

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਦੋ ਸਾਬਕਾ ਅਕਾਲੀ ਸਰਪੰਚਾਂ ਬਾਬਾ ਗੁਰਦੀਪ ਸਿੰਘ ਅਤੇ ਦਲਬੀਰ ਸਿੰਘ ਢਿੱਲਵਾਂ ਦੇ ਕਾਤਲਾਂ ਨੂੰ ਗਿਰਫ਼ਤਾਰ ਕਰਨ ਲਈ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ। ਜੇਕਰ ਫਿਰ ਵੀ ਸਰਕਾਰ ਨੇ ਇਹਨਾਂ ਮਾਮਲਿਆਂ ਵਿਚ ਕੋਈ ਕਾਰਵਾਈ ਨਾ ਕੀਤੀ ਤਾਂ ਅਕਾਲੀ ਦਲ ਵੱਲੋਂ ਇਹਨਾਂ ਸਿਆਸੀ ਕਤਲਾਂ ਦੇ ਕੇਸਾਂ ਵਿਚ ਇਨਸਾਫ ਲੈਣ ਵਾਸਤੇ ਇੱਕ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

ਅੱਜ ਇੱਥੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਇਸ ਸੰਬੰਧੀ ਫੈਸਲਾ ਲੈਂਦਿਆਂ ਕੋਰ ਕਮੇਟੀ ਨੇ ਕਿਹਾ ਕਿ ਕਾਂਗਰਸੀ ਆਗੂਆਂ ਅਤੇ ਮੰਤਰੀਆਂ ਨਾਲ ਸੰਬੰਧ ਰੱਖਣ ਵਾਲੇ ਗੈਂਗਸਟਰਾਂ ਵੱਲੋਂ ਅਕਾਲੀ ਆਗੂਆਂ ਦੇ ਕੀਤੇ ਜਾ ਰਹੇ ਸਿਆਸੀ ਕਤਲ ਇੱਕ ਬਹੁਤ ਹੀ ਮੰਦਭਾਗਾ ਰੁਝਾਣ ਹੈ।

ਪਾਰਟੀ ਪੰਜਾਬ ਅੰਦਰ ਗੈਂਗਸਟਰ-ਮੰਤਰੀ ਦਾ ਨਾਪਾਕ ਗਠਜੋੜ ਤੋੜਣ ਲਈ ਵਚਨਬੱਧ ਹੈ ਅਤੇ ਇਸ ਵਾਸਤੇ ਲੋਕਾਂ ਵਿਚ ਜਾਣ ਅਤੇ ਅਦਾਲਤ ਦਾ ਦਰਵਾਜ਼ਾ ਖੜਕਾਉਣ ਸਮੇਤ ਸਾਰੇ ਜਰੂਰੀ ਕਦਮ ਚੁੱਕੇਗੀ।

ਕੋਰ ਕਮੇਟੀ ਨੇ ਇਹ ਵੀ ਐਲਾਨ ਕੀਤਾ ਕਿ ਇਹ ਪੰਜਾਬ ਵਿਚ ਬਿਜਲੀ ਦਰਾਂ ਵਿਚ ਕੀਤੇ ਭਾਰੀ ਵਾਧੇ ਨੂੰ ਵਾਪਸ ਕਰਵਾਉੁਣ ਲਈ ਵੀ ਅੰਦੋਲਨ ਕਰੇਗੀ। ਕਮੇਟੀ ਨੇ ਕਿਹਾ ਕਿ ਇਸ ਵਾਧੇ ਨੇ ਆਮ ਆਦਮੀ ਉੱਤੇ ਅਸਹਿ ਬੋਝ ਪਾ ਦਿੱਤਾ ਹੈ ਅਤੇ ਉਦਯੋਗ ਚਲਾਉਣਾ ਮੁਸ਼ਕਿਲ ਬਣਾ ਦਿੱਤਾ ਹੈ।

ਇਹ ਟਿੱਪਣੀ ਕਰਦਿਆਂ ਕਿ ਅਕਾਲੀ ਦਲ ਕਾਂਗਰਸ ਸਰਕਾਰ ਨੂੰ ਆਪਣੀਆਂ ਨਾਕਾਮੀਆਂ ਅਤੇ ਪ੍ਰਬੰਧਕੀ ਖਾਮੀਆਂ ਦਾ ਬੋਝ ਖਪਤਕਾਰਾਂ ਉੱਤੇ ਨਹੀਂ ਪਾਉਣ ਦੇਵੇਗਾ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਬਿਜਲੀ ਦਰਾਂ ਵਿਚ ਕੀਤਾ ਵਾਧਾ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਪਾਰਟੀ ਵੱਲੋਂ ਰਾਜ ਭਰ ਵਿਚ ਜ਼ਿਲ੍ਹਾ ਪੱਧਰੀ ਧਰਨੇ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਪਹਿਲਾ ਧਰਨਾ 2 ਫਰਵਰੀ ਨੂੰ ਸੰਗਰੂਰ ਵਿਖੇ ਅਤੇ ਉਸ ਤੋਂ ਬਾਅਦ ਬਠਿੰਡਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿਖੇ ਧਰਨੇ ਦਿੱਤੇ ਜਾਣਗੇ।

ਕੋਰ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਜਲਦੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਿਲ ਕੇ ਉਹਨਾਂ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਨਜ਼ਰਬੰਦੀ ਨੂੰ ਲੈ ਕੇ ਸਿੱਖਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਏਗਾ। ਕੋਰ ਕਮੇਟੀ ਨੇ ਫੈਸਲਾ ਕੀਤਾ ਕਿ ਵਫ਼ਦ ਕੇਂਦਰੀ ਲੀਡਰਸ਼ਿਪ ਨੂੰ ਭਾਈ ਰਾਜੋਆਣਾ ਦੀ ਮੌਤ ਦੀ ਸਜ਼ਾ ਮੁਆਫ ਕਰਨ ਅਤੇ ਉਸ ਨੂੰ ਤੁਰੰਤ ਜੇਲ੍ਹ ਵਿਚੋਂ ਰਿਹਾ ਕਰਨ ਲਈ ਕਹੇਗਾ।

ਕੋਰ ਕਮੇਟੀ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੀਤੀ ਘੋਰ ਬੇਅਦਬੀ ਦਾ ਸਖ਼ਤ ਨੋਟਿਸ ਲਿਆ ਅਤੇ ਉਸ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਜ਼ਾਕ ਉਡਾਉਣ ਅਤੇ ਗੁਰੂ ਸਾਹਿਬ ਦੀ ਤੁਲਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰਨ ਦੀ ਸਖ਼ਤ ਨਿਖੇਧੀ ਕੀਤੀ।

ਕਮੇਟੀ ਨੇ ਕਿਹਾ ਕਿ ਰੰਧਾਵਾ ਦੀ ਇਸ ਸ਼ਰਮਨਾਕ ਹਰਕਤ ਨੇ ਸਮੁੱਚੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਲਈ ਧਾਰਾ 295 ਤਹਿਤ ਕਾਂਗਰਸੀ ਮੰਤਰੀ ਖ਼ਿਲਾਫ ਤੁਰੰਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਨੂੰ ਮੰਤਰੀ ਮੰਡਲ ਤੋਂ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ।

ਕਮੇਟੀ ਵੱਲੋਂ ਉੱਤਰ ਪ੍ਰਦੇਸ਼ ਵਿਚ ਪੀਲੀਭੀਤ ਵਿਖੇ ਨਗਰ ਕੀਰਤਨ ਵਿਚ ਭਾਗ ਲੈ ਰਹੇ 55 ਸਿੱਖ ਸ਼ਰਧਾਲੂਆਂ ਖਿਲਾਫ ਕੇਸ ਦਰਜ ਕੀਤੇ ਜਾਣ ਅਤੇ ਮੱਧ ਪ੍ਰਦੇਸ਼ ਦੇ ਸ਼ੀਓਪੁਰ ਜ਼ਿਲ੍ਹੇ ਵਿਚ ਸਿੱਖ ਪਰਿਵਾਰਾਂ ਦੀ 200 ਏਕੜ ਜ਼ਮੀਨ ਅਤੇ 9 ਘਰਾਂ ਦੇ ਕੀਤੇ ਨੁਕਸਾਨ ਬਾਰੇ ਵੀ ਚਰਚਾ ਕੀਤੀ।

ਕੋਰ ਕਮੇਟੀ ਨੇ ਇਹਨਾਂ ਘਟਨਾਵਾਂ ਉਤੇ ਡਾਹਢੀ ਚਿੰਤਾ ਜਤਾਈ ਅਤੇ ਇਹਨਾਂ ਦੋਵੇ ਘਟਨਾਵਾਂ ਦੀ ਜਾਂਚ ਕਰਕੇ ਢੁੱਕਵੇ ਹੱਲ ਸੁਝਾਉਣ ਲਈ ਕੋਰ ਕਮੇਟੀ ਦੇ ਦੋ ਮੈਂਬਰਾਂ ਅਤੇ ਸਾਂਸਦਾਂ ਬਲਵਿੰਦਰ ਸਿੰਘ ਭੂੰਦੜ ਅਤੇ ਨਰੇਸ਼ ਗੁਜਰਾਲ ਨੂੰ ਨਿਯੁਕਤ ਕੀਤਾ। ਇਹ ਦੋਵੇਂ ਸਾਂਸਦ ਇਹਨਾਂ ਦੋਵੇਂ ਥਾਂਵਾਂ ਉੱਤੇ ਜਾਣਗੇ ਅਤੇ ਸਹੀ ਢੰਗ ਨਾਲ ਪੀੜਤਾਂ ਦੇ ਕੇਸਾਂ ਨੂੰ ਉਠਾਉਣਗੇ।

ਕੋਰ ਕਮੇਟੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪਰਕਾਸ਼ ਪੁਰਬ ਮਨਾਉਣ ਲਈ ਇੱਕ ਕਮੇਟੀ ਬਣਾਉਣ ਦਾ ਵੀ ਫੈਸਲਾ ਕੀਤਾ, ਜਿਸ ਵਿਚ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਪਟਨਾ ਕਮੇਟੀ ਦੇ ਨੁੰਮਾਇੰਦਿਆਂ ਨੂੰ ਲਿਆ ਜਾਵੇਗਾ। ਇਸ ਕਮੇਟੀ ਵਿਚ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੀ ਸ਼ਾਮਿਲ ਹੋਣਗੇ। ਇਹ ਕਮੇਟੀ ਪਰਕਾਸ਼ ਪੁਰਬ ਨੂੰ ਸ਼ਾਨੋ ਸ਼ੌਕਤ ਨਾਲ ਮਨਾਉਣ ਲਈ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਫੈਸਲਾ ਕਰੇਗੀ ਅਤੇ ਇਸ ਸੰਬੰਧੀ ਕੇਂਦਰ ਸਰਕਾਰ ਨਾਲ ਤਾਲਮੇਲ ਕਰੇਗੀ।

ਕੋਰ ਕਮੇਟੀ ਦੀ ਮੀਟਿੰਗ ਵਿਚ ਜਥੇਦਾਰ ਤੋਤਾ ਸਿੰਘ, ਗੁਲਜ਼ਾਰ ਸਿੰਘ ਰਣੀਕੇ, ਮਹੇਸ਼ਇੰਦਰ ਸਿੰਘ ਗਰੇਵਾਲ, ਸਿਕੰਦਰ ਸਿੰਘ ਮਲੂਕਾ, ਸ਼ਰਨਜੀਤ ਸਿੰਘ ਢਿੱਲੋਂ, ਡਾਕਟਰ ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਕਿਰਪਾਲ ਸਿੰਘ ਬਡੂੰਗਰ, ਸੁਰਜੀਤ ਸਿੰਘ ਰੱਖੜਾ, ਮਨਜਿੰਦਰ ਸਿੰਘ ਸਿਰਸਾ ਅਤੇ ਬਲਦੇਵ ਸਿੰਘ ਮਾਨ ਨੇ ਹਿੱਸਾ ਲਿਆ। ਦਿੱਲੀ ਕਮੇਟੀ ਦੇ ਹਰਮੀਤ ਸਿੰਘ ਕਾਲਕਾ ਨੇ ਮੀਟਿੰਗ ਵਿਚ ਵਿਸ਼ੇਸ਼ ਮਹਿਮਾਨ ਵਜੋਂ ਭਾਗ ਲਿਆ।

TOP STORIES

PUNJAB NEWS

TRANSFERS & POSTINGS

spot_img
spot_img
spot_img
spot_img
spot_img

Stay Connected

223,537FansLike
113,236FollowersFollow
- Advertisement -

ENTERTAINMENT

NRI - OCI

GADGETS & TECH

SIKHS

NATIONAL

WORLD

OPINION