ਅਕਾਲੀ ਦਲ ਵੱਲੋਂ ਗੁਰੂ ਰਵਿਪਦਾਸ ਮੰਦਿਰ ਮੁੱਦੇ ’ਤੇ ਕੇਂਦਰ ਨਾਲ ਗੱਲਬਾਤ ਲਈ 7 ਮੈਂਬਰੀ ਕਮੇਟੀ ਦਾ ਗਠਨ

ਚੰਡੀਗੜ੍ਹ, 28 ਅਗਸਤ, 2019:

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਰਵੀਦਾਸੀਆ ਭਾਈਚਾਰੇ ਦੀ ਇੱਛਾ ਉੱਪਰ ਫੁੱਲ ਚੜਾਉਂਦਿਆਂ ਤੁਗਲਕਾਬਾਦ ਵਿਖੇ ਗੁਰੂ ਰਵੀਦਾਸ ਜੀ ਮੰਦਿਰ ਦੀ ਮੁੜ ਉਸਾਰੀ ਸੰਬੰਧੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ ਇੱਕ ਸੱਤ-ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

ਇਹ ਫੈਸਲਾ ਅੱਜ ਇੱਥੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਹੋਈ ਅਕਾਲੀ ਦਲ ਦੇ ਅਨੁਸੂਚਿਤ ਜਾਤੀ ਵਿੰਗ ਦੀ ਮੀਟਿੰਗ ਵਿਚ ਲਿਆ ਗਿਆ। ਪਾਰਟੀ ਨੇ ਕੇਂਦਰ ਸਰਕਾਰ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨ ਲਈ ਇੱਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ, ਜਿਹੜੀ ਇਸ ਮਸਲੇ ਦੇ ਹੱਲ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਥਾਪੇ ਗਏ ਪ੍ਰਤੀਨਿਧੀਆਂ ਨਾਲ ਗੱਲਬਾਤ ਕਰੇਗੀ।

ਇਹ ਕਾਰਵਾਈ ਅਕਾਲੀ ਦਲ ਪ੍ਰਧਾਨ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਮਗਰੋਂ ਕੀਤੀ ਗਈ ਹੈ, ਜਿਸ ਵਿਚ ਉੁੁਹਨਾਂ ਨੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਉਹ ਰਵੀਦਾਸੀਆ ਭਾਈਚਾਰੇ ਵੱਲੋਂ ਕੀਤੀ ਜਾ ਰਹੀ ਗੁਰੂ ਰਵੀਦਾਸ ਮੰਦਿਰ ਦੀ ਤੁਗਲਕਾਬਾਦ ਵਿਖੇ ਪੁਰਾਣੀ ਥਾਂ ਉੱਤੇ ਮੁੜ ਉਸਾਰੀ ਦੀ ਮੰਗ ਨੂੰ ਹਮਦਰਦੀ ਨਾਲ ਵਿਚਾਰਨ।

ਅਕਾਲੀ ਦਲ ਵੱਲੋਂ ਗਠਿਤ ਕੀਤੀ ਸੱਤ ਮੈਂਬਰੀ ਕਮੇਟੀ ਵਿ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਸਾਬਕਾ ਮੰਤਰੀਆਂ ਗੁਲਜ਼ਾਰ ਸਿੰਘ ਰਣੀਕੇ ਅਤੇ ਸੋਹਨ ਸਿੰਘ ਠੰਡਲ,ਸਾਬਕਾ ਵਿਧਾਇਕ ਨਿਰਮਲ ਸਿੰਘ ਤੋਂ ਇਲਾਵਾ ਮੌਜੂਦਾ ਵਿਧਾਇਕਾਂ ਪਵਨ ਕੁਮਾਰ ਟੀਨੂੰ, ਡਾਕਟਰ ਸੁਖਵਿੰਦਰ ਸੱੁਖੀ ਅਤੇ ਬਲਦੇਵ ਖਾਰਾ ਨੂੰ ਲਿਆ ਗਿਆ ਹੈ। ਇਹ ਕਮੇਟੀ ਗੁਰੂ ਰਵੀਦਾਸ ਮੰਦਿਰ ਦੀ ਮੁੜ ਉਸਾਰੀ ਸੰਬੰਧੀ ਵਿਚਾਰ ਚਰਚਾ ਕਰਨ ਲਈ ਕੱਲ੍ਹ ਨੂੰ ਕੇਂਦਰ ਸਰਕਾਰ ਦੇ ਪ੍ਰਤੀਨਿਧੀਆਂ ਨੂੰ ਮਿਲੇਗੀ।

ਇਸ ਤੋਂ ਪਹਿਲਾਂ ਮੀਟਿੰਗ ਵਿਚ ਬੋਲਦਿਆਂ ਸੀਨੀਅਰ ਦਲਿਤ ਆਗੂਆਂ ਨੇ ਇਹ ਮਸਲਾ ਗ੍ਰਹਿ ਮੰਤਰੀ ਕੋਲ ਉਠਾਉਣ ਲਈ ਅਕਾਲੀ ਦਲ ਪ੍ਰਧਾਨ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਹੁਣ ਉਹਨਾਂ ਨੂੰ ਉਮੀਦ ਹੈ ਕਿ ਇਸ ਮਸਲੇ ਦਾ ਸਮੱੁਚੇ ਰਵੀਦਾਸੀਆ ਭਾਈਚਾਰੇ ਦੀ ਤਸੱਲੀ ਮੁਤਾਬਿਕ ਹੱਲ ਕੱਢਿਆ ਜਾਵੇਗਾ।

ਮੀਟਿੰਗ ਵਿਚ ਦਲਿਤ ਆਗੂਆਂ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਭਾਈਚਾਰੇ ਅੰਦਰ ਇਹ ਭਾਵਨਾ ਜ਼ੋਰ ਫੜ ਰਹੀ ਹੈ ਕਿ ਇਸ ਮੰਦਿਰ ਨੂੰ ਪੁਰਾਣੀ ਥਾਂ ਉੱਤੇ ਪੂਰੀ ਸ਼ਾਨ ਨਾਲ ਬਹਾਲ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਢਾਹੇ ਜਾਣ ਤੋਂ ਪਹਿਲਾਂ ਜਿੱਥੇ ਮੰਦਿਰ ਮੌਜੂਦ ਸੀ, ਉਸ ਜਗ੍ਹਾ ਪ੍ਰਤੀ ਦਲਿਤ ਭਾਈਚਾਰੇ ਅੰਦਰ ਬਹੁਤ ਡੰੂਘੀ ਆਸਥਾ ਹੈ।

ਉਹਨਾਂ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਨਗੇ ਕਿ ਇਸ ਮਸਲੇ ਬਾਰੇ ਫੈਸਲਾ ਲੈਂਦਿਆਂ ਭਾਈਚਾਰੇ ਦੀ ਉਸ ਥਾਂ ਨਾਲ ਜੁੜੀ ਸ਼ਰਧਾ ਵਾਲੇ ਪੱਖ ਨੂੰ ਧਿਆਨ ਵਿਚ ਰੱਖਿਆ ਜਾਵੇ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਸੱਤ ਮੈਂਬਰੀ ਵਫ਼ਦ ਅਤੇ ਸਮੁੱਚੇ ਰਵੀਦਾਸੀਆ ਭਾਈਚਾਰੇ ਵੱਲੋਂ ਲਏ ਫੈਸਲੇ ਦੇ ਨਾਲ ਚੱਲੇਗਾ। ਉਹਨਾਂ ਕਿਹਾ ਕਿ ਗੁਰੂ ਰਵੀਦਾਸ ਜੀ ਇੱਕ ਮਹਾਨ ਸੰਤ ਸਨ, ਜਿਹਨਾਂ ਨੂੰ ਸਿੱਖ ਭਾਈਚਾਰੇ ਅਤੇ ਪੰਜਾਬੀਆਂ ਵੱਲੋਂ ਬਹੁਤ ਜਿ਼ਆਦਾ ਪਿਆਰ ਅਤੇ ਸਤਿਕਾਰ ਦਿੱਤਾ ਜਾਂਦਾ ਹੈ।

ਉਹਨਾਂ ਕਿਹਾ ਕਿ ਸ੍ਰੀ ਗੁਰੂ ਰਵੀਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅਨਿੱਖੜਵਾਂ ਅੰਗ ਹੈ ਅਤੇ ਪੰਜਾਬ ਦੇ ਸਾਂਝੇ ਸੱਭਿਆਚਾਰ ਦਾ ਹਿੱਸਾ ਹੈ। ਅਸੀਂ ਰਵੀਦਾਸੀਆ ਭਾਈਚਾਰੇ ਨਾਲ ਇੱਕਜੁਟ ਹੋ ਕੇ ਖੜ੍ਹੇ ਹਾਂ ਅਤੇ ਇਸ ਮਸਲੇ ਦਾ ਜਲਦੀ ਹੱਲ ਨਿਕਲਣ ਦੀ ਉਮੀਦ ਕਰਦੇ ਹਾਂ।

ਇਸ ਮੌਕੇ ਉੱਤੇ ਮੌਜੂਦ ਬਾਕੀ ਆਗੂਆਂ ਵਿਚ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ, ਜਥੇਦਾਰ ਤੋਤਾ ਸਿੰਘ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਤੋਂ ਇਲਾਵਾ ਅਕਾਲੀ ਦਲ ਦੇ ਐਸਸੀ ਵਿੰਗ ਦੇ ਮੈਂਬਰ ਵੀ ਸ਼ਾਮਿਲ ਸਨ।

Share News / Article

YP Headlines