ਅਕਾਲੀ ਦਲ ਨੇ ਵਫਾਦਾਰ ਅਤੇ ਮਿਹਨਤੀ ਵਰਕਰਾਂ ਨੂੰ ਸਦਾ ਵਕਾਰੀ ਅਹੁਦਿਆਂ ਨਾਲ ਨਿਵਾਜਿਆ : ਮਜੀਠੀਆ

ਮਜੀਠਾ, ਅਮ੍ਰਿਤਸਰ 31 ਅਗਸਤ, 2019 –

ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਨੇ ਪਾਰਟੀ ਪ੍ਰਤੀ ਵਫਾਦਾਰ ਅਤੇ ਸਖਤ ਮਿਹਨਤ ਕਰਨ ਵਾਲੇ ਜੁਝਾਰੂ ਵਰਕਰਾਂ ਨੂੰ ਸਦਾ ਹੀ ਸਨਮਾਣ ਦਿਤਾ ਤੇ ਵਕਾਰੀ ਅਹੁਦਿਆਂ ਨਾਲ ਨਿਵਾਜਿਆ ਹੈ।

ਸ: ਮਜੀਠੀਆ ਬਲਾਕ ਸੰਮਤੀ ਮਜੀਠਾ ਦੇ ਨਵੇ ਚੁਣੇ ਗਏ ਚੇਅਰਪਰਸਨ ਬੀਬੀ ਅਮਰਜੀਤ ਕੌਰ ਦਾਦੂਪੁਰਾ ਅਤੇ ਉਪ ਚੇਅਰਪਰਸਨ ਬੀਬੀ ਕਰਮਜੀਤ ਕੌਰ ਸ਼ਹਿਜ਼ਾਦਾ ਨੂੰ ਇਕ ਸਾਦੇ ਸਮਾਗਮ ਦੌਰਾਨ ਵਧਾਈ ਦਿੰਦਿਆਂ ਸਨਮਾਨਿਤ ਕਰ ਰਹੇ ਸਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਧਕੇਸ਼ਾਹੀਆਂ ਦੇ ਬਾਵਜੂਦ ਬਲਾਕ ਸੰਮਤੀ ਮਜੀਠਾ ਦੇ ਚੇਅਰਮੈਨ ਅਤੇ ੳਪ ਚੇਅਰਮੈਨ ਦੀ ਵਕਾਰੀ ਸੀਟ ’ਤੇ ਅਕਾਲੀ ਦਲ ਵਲੋਂ ਆਪਣਾ ਕਬਜ਼ਾ ਜਮਾਈ ਰੱਖ ਸਕਣਾ ਅਕਾਲੀ ਵਰਕਰਾਂ ਦੀ ਬਹੁਤ ਵਡੀ ਜਿੱਤ ਤੇ ਪ੍ਰਾਪਤੀ ਹੈ।

ਉਹਨਾਂ ਕਿਹਾ ਕਿ ਪੰਚਾਇਤੀ ਰਾਜ ਚੋਣਾਂ ਦੌਰਾਨ ਕਾਂਗਰਸ ਦੀਆਂ ਧਕੇਸ਼ਾਹੀਆਂ ਦਾ ਮੂੰਹ ਤੋੜਵਾਂ ਜਵਾਬ ਦਿੰਦਿਆਂ ਮਜੀਠਾ ਹਲਕੇ ’ਚ ਅਕਾਲੀ ਦਲ ਨੂੰ ਬਹੁਤ ਵਡੀ ਬਹੁਮਤ ਨਾਲ ਜਿੱਤ ਦਵਾਉਣ ਵਾਲੇ ਇਤਿਹਾਸਕ ਕਦਮ ਲਈ ਉਹ ਇਲਾਕਾ ਨਿਵਾਸੀਆਂ ਦਾ ਹਮੇਸ਼ਾਂ ਰਿਣੀ ਰਹੇਗਾ। ਸ: ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਦੇ 20 ਬਲਾਕ ਸੰਮਤੀ ਮੈਂਬਰਾਂ ਨੇ ਪਾਰਟੀ ਹੁਕਮਾਂ ’ਤੇ ਫੁੱਲ ਚੜਾਉਦਿਆਂ ਉਕਤ ਦੋਹਾਂ ਅਹੁਦੇਦਾਰਾਂ ਦੀ ਚੋਣ ਸਰਬਸਮਤੀ ਨਾਲ ਕਰ ਕੇ ਪਾਰਟੀ ’ਚ ਏਕਤਾ ਅਤੇ ਇਕਜੁੱਟਤਾ ਦਾ ਸਬੂਤ ਦਿਤਾ ਹੈ, ਜਿਸ ਲਈ ਸਮੂਹ ਮਂੈਬਰਾਨ ਵਧਾਈ ਦੇ ਪਾਤਰ ਹਨ।

ਉਹਨਾਂ ਕਿਹਾ ਕਿ ਪਾਰਟੀ ਹਮੇਸ਼ਾਂ ਵਫਾਦਾਰ ਅਤੇ ਮਿਹਤਨੀ ਜੁਝਾਰੂ ਵਰਕਰਾਂ ਨੂੰ ਮਾਣ ਸਤਿਕਾਰ ਦਿੰਦਿਆਂ ਵਕਾਰੀ ਅਹੁਦਿਆਂ ਨਾਲ ਨਵਾਜ ਦੀ ਆਈ ਹੈ। ਉਹਨਾਂ ਦਸਿਆ ਕਿ ਅਕਾਲੀ ਵਰਕਰ ਸਵ: ਖਜ਼ਾਨ ਸਿੰਘ ਸ਼ਹਿਜਾਦਾ ਅਤੇ ਪਰਿਵਾਰ ਨੇ ਔਖੇ ਸਮੇਂ ਵੀ ਪਾਰਟੀ ਪ੍ਰਤੀ ਵਫਾਦਾਰ ਰਹਿ ਕੇ ਪੂਰੀ ਤਨ ਦੇਹੀ ਨਾਲ ਬਹੁਤ ਸਮਾਂ ਸੇਵਾ ਕੀਤੀ, ਜਿਸ ਲਈ ਪਾਰਟੀ ਨੇ ਉਸ ਦੀ ਪਤਨੀ ਬੀਬੀ ਕਰਮਜੀਤ ਕੌਰ ਨੂੰ ਉਪ ਚੇਅਰਪਰਸਨ ਦੇ ਅਹੁਦੇ ਨਾਲ ਨਿਵਾਜ ਕੇ ਉਨਾਂ ਦਾ ਮਾਣ ਸਤਿਕਾਰ ਕੀਤਾ ਹੈ ।

ਇਸੇ ਤਰਾਂ ਬੀਬੀ ਅਮਰਜੀਤ ਕੌਰ ਦਾਦੂਪੁਰਾ ਨੂੰ ਚੇਅਰਪਰਸਨ ਦੀ ਵਕਾਰੀ ਸੇਵਾ ਸੌਪੀ ਕੇ ਦੇਸ਼ ਦੀ ਸੇਵਾ ਵਿਚ ਲਗੇ ਇਕ ਫੌਜੀ ਪਰਿਵਾਰ ਦਾ ਮਾਣ ਸਤਿਕਾਰ ਰਖਿਆ ਗਿਆ। ਉਹਨਾਂ ਨਵੇ ਚੁਣੇ ਗਏ ਅਹੁਦੇਦਾਰਾਂ ਨੂੰ ਇਮਾਨਦਾਰੀ ਅਤੇ ਪੂਰੀ ਹਿੰਮਤ ਤੇ ਦਲੇਰੀ ਨਾਲ ਗਰੀਬ ਅਤੇ ਕਿਸਾਨਾਂ ਦੇ ਹੱਕ ਸੱਚ ਅਤੇ ਭਲੇ ਲਈ ਕੰਮ ਕਰਨ ਅਤੇ ਕਾਂਗਰਸ ਦੀਆਂ ਧਕੇਸ਼ਾਹੀਆਂ ਦਾ ਮਜਬੂਤੀ ਨਾਲ ਟਾਕਰਾ ਕਰਦੇ ਰਹਿਣ ਲਈ ਕਿਹਾ।

ਇਸ ਮੌਕੇ ਨਵੇ ਚੁਣੇ ਗਏ ਚੇਅਰਪਰਸਨ ਬੀਬੀ ਅਮਰਜੀਤ ਕੌਰ ਦਾਦੂਪੁਰਾ ਅਤੇ ਉਪ ਚੇਅਰਪਰਸਨ ਬੀਬੀ ਕਰਮਜੀਤ ਕੌਰ ਸ਼ਹਿਜ਼ਾਦਾ ਨੇ ਉਨਾਂ ਨੂੰ ਸੇਵਾ ਦਾ ਮੌਕਾ ਦੇਣ ਲਈ ਸ: ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕੀਤਾ। ਉਹਨਾਂ ਮਜੀਠੀਆ ਦੀ ਗਤੀਸ਼ੀਲ ਅਗਵਾਈ ’ਚ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨ ਦੇਹੀ ਨਾਲ ਨਿਭਾਉਣਗੇ।

ਇਸ ਮੌਕੇ ਮੇਜਰ ਸ਼ਿਵੀ, ਧੀਰ ਸਿੰਘ ਦਾਦੂਪਰਾ, ਮਨਦੀਪ ਸਿੰਘ ਸ਼ਹਿਜਾਦਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਰੀਵਾਲ, ਬਲਰਾਜ ਸਿੰਘ ਔਲਖ ਅਤੇ ਪ੍ਰੋ: ਸਰਚਾਂਦ ਸਿੰਘ ਸਮੇਤ ਪੰਚ ਸਰਪੰਚ ਮੌਜੂਦ ਸਨ।

Share News / Article

Yes Punjab - TOP STORIES