Yes Punjab Editorials
- 1
- 2
- 3
ਐੱਚ.ਐੱਸ.ਬਾਵਾ
ਯੈੱਸ ਪੰਜਾਬ ਸੰਪਾਦਕੀ
ਕੇਲੇ ਤੁਸੀਂ ਵੀ ਖਾਂਦੇ ਹੋਵੋਗੇ। ਬੰਦੇ ਨੇ ਪੱਚੀ ਤੀਹ ਰੁਪਏ ਦਰਜਨ ਦੇ ਭਾਅ ਕੇਲੇ ਖਰੀਦਣੇ ਹੋਣ ਤਾਂ ਸਮਝੋ ਇਕ ਕੇਲਾ ਦੋ ਜਾਂ ਤਿੰਨ ਰੁਪਏ ਦਾ ਹੀ ਪੈਂਦਾ ਏ। ਫ਼ਿਰ ਵੀ ਕੇਲੇ ਖਰੀਦਣ ਲੱਗਾ ਬੰਦਾ ਬੜਾ ਸੁਚੇਤ ਹੁੰਦਾ ਏ। ਹਰ ਸਿਆਣਾ ਬੰਦਾ ਕੇਲੇ ਦੇ ਗੁੱਛੇ ਨੂੰ ਘੁਮਾ ਘੁਮਾ ਕੇ ਤੱਕਦਾ ਏ ਬਈ ਕਿਤੇ ਗੁੱਛੇ ਵਿਚ ਕੋਈ ਕੇਲਾ ਦਾਗੀ ਤਾਂ ਨਹੀਂ।
ਦਾਗੀ ਕੇਲੇ ਭਲਾ ਕੌਣ ਖਾਂਦਾ ਏ? ਮੈਂ ਆਪਣੀ ਇੰਨੀ ਉਮਰ ਵਿਚ ਰੇਹੜੀ ਤੇ ਫ਼ੜ੍ਹੀ ਵਾਲਿਆਂ ਨੂੰ ਇਹ ਅਵਾਜ਼ ਲਾਉਂਦੇ ਤਾਂ ਸੁਣਿਆ ਏ ਕਿ 'ਕੇਲੇ ਦਾਹ ਰੁਪਏ ਦਰਜਨ, ਕੇਲੇ ਵੀਹ ਰੁਪਏ ਦਰਜਨ' ਜਾਂ ਫ਼ਿਰ 'ਕੇਲੇ ਆ ਗਏ ਚਿਤਰੀ ਵਾਲੇ' ਪਰ ਅੱਜ ਤਾਈਂ ਕਦੇ ਇਹ ਆਵਾਜ਼ ਨਹੀਂ ਸੁਣੀ 'ਚੰਗੇ ਕੇਲੇ ਵੀਹ ਰੁਪਈਏ, ਦਾਗੀ ਕੇਲੇ ਪੰਜ ਰੁਪਈਏ' ਜਾਂ ਫ਼ਿਰ 'ਸਸਤੇ ਈ ਲੈ ਜੋ, ਦਾਗੀ ਕੇਲੇ'।
ਦਾਗੀ ਕੇਲੇ ਕੋਈ ਵੀ ਪਸੰਦ ਨਹੀਂ ਕਰਦਾ ਪਰ ਸਿਆਸਤ ਦੀ ਮੰਡੀ ਵਿਚ ਦਾਗੀ ਨੇਤਾਵਾਂ ਦੀ ਮੰਗ ਅਜੇ ਵੀ ਹੈ। ਦਾਗੀ ਹੋ ਜਾਣਾ ਕੇਲਿਆਂ ਦੀ ਕਿਸਮਤ ਤਾਂ ਵਿਗਾੜ ਦਿੰਦਾ ਏ ਪਰ ਨੇਤਾਵਾਂ ਦੇ ਦਾਗੀ ਹੋਣ ਨਾਲ ਹੁਣ ਕੋਈ ਫ਼ਰਕ ਨਹੀਂ ਪੈਂਦਾ। ਸਿਆਸਤ ਦੀ ਮੰਡੀ ਵਿਚ 'ਦਾਗੀ' ਸ਼ਬਦ ਹੁਣ ਸ਼ਾਇਦ ਉਨਾ 'ਦਾਗੀ' ਨਹੀਂ ਰਿਹਾ। ਸਗੋਂ ਉਲਟਾ ਹੀ ਨਜ਼ਰ ਆ ਰਿਹੈ। ਸਿਆਸਤ ਵਿਚ ਸ਼ਰੀਫ਼ਾਂ, ਇਮਾਨਦਾਰਾਂ ਦਾ ਮੁੱਲ ਘਟਦਾ ਜਾਂਦੈ, ਦਾਗੀ ਨੇਤਾਵਾਂ ਦੀ ਝੰਡੀ ਐ, ਉਨ੍ਹਾਂ ਦਾ ਮੁੱਲ ਵਧਦਾ ਜਾਂਦੈ।
ਅਜੀਬ ਜਿਹੀ ਆਬੋ ਹਵਾ ਹੋ ਗਈ ਏ। ਸਿਆਸੀ ਲੋਕ 'ਦਾਗੀ' ਕਹਾਉਣ ਵਿਚ ਕੋਈ ਹਰਜ਼ ਵਾਲੀ ਗੱਲ ਨਹੀਂ ਸਮਝਦੇ, ਦਾਗੀ ਹੋ ਕੇ ਵੀ ਉਨ੍ਹਾਂ ਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। 'ਦਾਗੀ' ਨੇਤਾਵਾਂ ਦਾ ਹੱਦੋਂ ਬਾਹਰਾ ਆਤਮਵਿਸ਼ਵਾਸ ਜਿਹਨੂੰ ਅੰਗਰੇਜ਼ੀ ਵਿਚ ਆਪਾਂ 'ਉਵਰਕਾਨਫੀਡੈਂਸ' ਆਖ਼ਦੇ ਹਾਂ, ਵੇਖਕੇ ਵਿਚਾਰੇ ਆਮ ਬੰਦੇ ਆਪਣੇ ਆਤਮਵਿਸ਼ਵਾਸ ਵਿਚ ਵਿਸ਼ਵਾਸ ਗੁਆ ਬੈਠਦੇ ਨੇ।
'ਦਾਗੀ' ਕੇਲਿਆਂ ਤੇ 'ਦਾਗੀ' ਨੇਤਾਵਾਂ ਵਿਚ ਬੜਾ ਫ਼ਰਕ ਹੁੰਦਾ ਜੇ। ਦਾਗੀ 'ਕੇਲੇ' ਦੇ ਨਾਲ ਵਾਲੇ ਕੇਲੇ, ਸਮੁੱਚਾ ਗੁੱਛਾ ਅਤੇ ਗੁੱਛੇ ਦਾ ਮਾਲਕ ਉਸਤੋਂ ਖਹਿੜਾ ਛੁਡਾਉਣ ਲਈ ਕਾਹਲੇ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦੈ ਕਿ ਇਕ ਦਾਗੀ ਕੇਲੇ ਨੇ ਬਾਕੀ ਕੇਲਿਆਂ ਨੂੰ ਵੀ ਦਾਗੀ ਕਰ ਜਾਣੈ ਤੇ ਇਸ ਤਰ੍ਹਾਂ ਦਾਗੀ ਕੇਲੇ ਦੇ ਸਾਥ ਵਾਲਾ ਸੌਦਾ ਘਾਟੇ ਵਾਲਾ ਹੋ ਨਿੱਬੜੇਗਾ।
ਬਾਕੀ ਅਗਲੇ ਸਫ਼ੇ 'ਤੇ
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 'ਦਾਗੀ' ਨੇਤਾਵਾਂ ਦੀ ਕਹਾਣੀ ਕੁਝ ਹੋਰ ਹੈ। ਉਨ੍ਹਾਂ ਦੇ ਮੱਥੇ 'ਤੇ ਦਾਗ ਲਈ ਫ਼ਿਰਣ ਦੇ ਬਾਵਜੂਦ ਨਾ ਤਾਂ ਉਨ੍ਹਾਂ ਦੇ ਸਾਥੀਆਂ ਤੇ ਚੇਲੇ ਚਾਪਟਿਆਂ ਨੂੰ ਕੋਈ ਫ਼ਰਕ ਪੈਂਦੈ ਤੇ ਨਾ ਹੀ ਉਨ੍ਹਾਂ ਦੀਆਂ ਪਾਰਟੀਆਂ ਨੂੰ। ਇੱਥੇ ਹੀ ਬੱਸ ਨਹੀਂ, ਹੁਣ ਤਾਂ ਦੂਜੀਆਂ ਪਾਰਟੀਆਂ ਇਹੋ ਜਿਹੇ ਦਾਗੀਆਂ ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਕਰਕੇ ਇਹ ਦਾਅਵਾ ਕਰਦੀਆਂ ਨੇ ਕਿ ਉਨ੍ਹਾਂ ਦੀ ਪਾਰਟੀ ਨੂੰ ਬੜੀ ਮਜ਼ਬੂਤੀ ਮਿਲੀ ਏ ਅਤੇ ਉਨ੍ਹਾਂ ਨੇ ਵਿਰੋਧੀ ਪਾਰਟੀ ਨੂੰ ਵੱਡਾ ਧੱਕਾ ਪੁਚਾਇਆ ਏ।
ਆਪਣੇ ਪੰਜਾਬ ਵਿਚ ਅਜੀਬ ਗੱਲ ਹੋ ਰਹੀ ਏ। ਅਦਾਲਤਾਂ ਵੱਲੋਂ ਕੁਝ ਸਾਬਕਾ ਮੰਤਰੀਆਂ ਨੂੰ ਕਸੂਰਵਾਰ ਕਰਾਰ ਦੇ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਗਲ ਨਾਲ ਲਾਈ ਰੱਖਣ ਤੇ ਸਿਰ ਤੇ ਬਿਠਾਈ ਰੱਖਣ ਦਾ ਵਰਤਾਰਾ ਹੀ ਅਜੇ ਲੋਕ ਸਮਝ ਨਹੀਂ ਪਾ ਰਹੇ ਸਨ ਕਿ ਇਕ ਨਵਾਂ ਵਰਤਾਰਾ ਸ਼ੁਰੂ ਹੋ ਗਿਆ ਹੈ।
ਇਸ ਵਰਤਾਰੇ ਦੀ ਗੱਲ ਕਰਦਿਆਂ ਅੱਜ ਆਪਾਂ ਇਸ ਪਹਿਲੂ ਨੂੰ ਰਤਾ ਲਾਂਭੇ ਹੀ ਰੱਖਾਂਗੇ ਕਿ ਕਾਂਗਰਸ ਵਿਚ ਕੌਣ ਕੌਣ ਕਿੰਨਾ ਕਿੰਨਾ ਦਾਗੀ ਹੈ। ਕਾਂਗਰਸ ਦੇ ਆਪਣੇ ਦਾਗੀ ਹਨ ਜਿਨ੍ਹਾਂ ਤੇ ਉਨ੍ਹਾਂ ਨੂੰ ਮਾਣ ਹੈ। ਉਹ ਦਾਗੀ ਅੱਜ ਵੀ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਤੌਰ 'ਤੇ ਜਾਣੇ ਪਹਿਚਾਣੇ ਤੇ ਸਨਮਾਨੇ ਜਾਂਦੇ ਨੇ। ਅਸੀਂ ਉਨ੍ਹਾਂ ਦੇ ਦਾਗੀਆਂ ਨੂੰ ਅਕਾਲੀ ਦਲ ਦੇ ਦਾਗੀਆਂ ਤੋਂ ਘੱਟ ਕਰਕੇ ਨਹੀਂ ਜਾਣਦੇ ਪਰ ਕਿਉਂਕਿ ਅੱਜ ਸੂਬੇ ਵਿਚ ਕਾਂਗਰਸ ਸੱਤਾ ਦੇ ਨੇੜੇ ਤੇੜੇ ਵੀ ਨਹੀਂ ਹੈ ਅਤੇ ਸ਼੍ਰੋਮਣੀ ਅਕਾਲੀ ਦਲ 'ਹਲੀਮੀ ਰਾਜ' ਅਤੇ 'ਰਾਜ ਨਹੀਂ ਸੇਵਾ' ਦੇ ਆਸ਼ਿਆਂ 'ਤੇ ਰਾਜ ਕਰਨ ਦੀ ਗੱਲ ਕਰ ਰਿਹਾ ਹੇ। ਸੋ, ਅਸੀਂ ਆਪਣੀ ਅੱਜ ਦੀ ਗੱਲ ਸ਼੍ਰੋਮਣੀ ਅਕਾਲੀ ਦਲ 'ਤੇ ਹੀ ਕੇਂਦਰਿਤ ਰੱਖਾਂਗੇ।
ਮੈਂ ਸਮਝਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਇਹ ਨੀਤੀ ਕਾਮਯਾਬ ਰਹੀ ਹੈ ਕਿ ਚੋਣ ਜਿੱਤਣ ਤੋਂ ਬਾਅਦ ਸਮੂਹ ਵਿਰੋਧੀਆਂ ਨੂੰ ਹੈਂਕੜ ਵਿਖਾਉਣ ਦੀ ਜਗ੍ਹਾ ਜਿਹੜਾ ਵੀ ਵਿਰੋਧੀ ਨੇਤਾ ਪਾਲਾ ਬਦਲਣ ਲਈ ਤਿਆਰ ਹੋਵੇ ਉਸਨੂੰ ਪਾਰਟੀ ਵਿਚ ਲਿਆਉਣ ਦਾ ਉਪਰਾਲਾ ਕੀਤਾ ਜਾਵੇ। ਇਸ ਨਾਲ ਨਿਸਚੇ ਹੀ ਦੂਜੀਆਂ ਪਾਰਟੀਆਂ ਨੂੰ ਧੱਕਾ ਲੱਗਾ ਤੇ ਅਕਾਲੀ ਦਲ ਮਜ਼ਬੂਤ ਹੋਇਆ।
ਪਰ ਅੱਜ ਹੋਰਨਾਂ ਗੱਲਾਂ ਨਾਲੋਂ ਕੇਲਿਆਂ ਦੀ ਗੱਲ ਮਹੱਤਵਪੂਰਨ ਹੈ, ਸੋ ਮੁੜ ਕੇਲਿਆਂ ਵੱਲ ਚੱਲਦੇ ਹਾਂ। ਦੋਹਾਂ ਤਿੰਨਾਂ ਰੁਪਈਆਂ ਦਾ ਇਕ ਕੇਲਾ ਖਰੀਦਣ ਲੱਗਿਆਂ ਤਾਂ ਅਸੀਂ ਬੜਾ ਘੁਮਾ ਕੇ ਵੇਖਦੇ ਹਾਂ ਕਿ ਕਿਤੇ ਕੇਲਾ ਦਾਗੀ ਤਾਂ ਨਹੀਂ ਪਰ ਕਿਸੇ ਨੇਤਾ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਲੱਗਿਆਂ ਨੇਤਾਵਾਂ ਦੇ ਦਾਗਾਂ ਨੂੰ ਨਜ਼ਰਅੰਦਾਜ਼ ਕਿਵੇਂ ਕਰ ਜਾਂਦੇ ਹਾਂ ਜਾਂ ਫ਼ਿਰ ਇਹ ਕਿਵੇਂ ਮੰਨ ਲੈਂਦੇ ਹਾਂ ਕਿ 'ਦਾਗ ਅੱਛੇ ਹੈਂ' ।
ਪਿਛਲੇ ਸਮੇਂ ਵਿਚ ਅਕਾਲੀ ਦਲ ਨੇ ਕਾਂਗਰਸ ਦੇ ਦੋ ਜਰਨੈਲਾਂ ਨੂੰ ਪਾਰਟੀ ਵਿਚ ਲਿਆਂਦਾ। ਇਕ ਜੋਗਿੰਦਰ ਪਾਲ ਜੈਨ ਅਤੇ ਇਕ ਮੰਗਤ ਰਾਏ ਬਾਂਸਲ। ਇਕ ਕਾਂਗਰਸ ਦਾ ਮੌਜੂਦਾ ਵਿਧਾਇਕ ਸੀ ਅਤੇ ਇਕ ਕਾਂਗਰਸ ਦਾ ਸਾਬਕਾ ਵਿਧਾਇਕ। ਸ: ਸੁਖਬੀਰ ਸਿੰਘ ਬਾਦਲ ਨੇ ਆਪ ਦੋਹਾਂ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ। ਦੋਹਾਂ ਦੀ ਸ਼ਾਨ ਵਿਚ ਸਟੇਜਾਂ ਤੋਂ ਕਸੀਦੇ ਪੜ੍ਹੇ ਗਏ, ਇਹ ਜਾਣਦੇ ਹੋਏ ਕਿ ਦੋਵੇਂ ਹੀ ਐਸੇ ਗੰਭੀਰ ਕੇਸਾਂ ਦਾ ਸਾਹਮਣਾ ਕਰ ਰਹੇ ਸਨ ਕਿ ਗੱਲ ਕਿਸੇ ਪਾਸੇ ਵੀ ਜਾ ਸਕਦੀ ਹੈ। ਇਨ੍ਹਾਂ ਨੂੰ ਪਾਰਟੀ ਦੇ 'ਹੀਰੇ' ਕਹਿ ਕੇ ਮਾਣ ਸਨਮਾਨ ਦਿੱਤਾ ਗਿਆ। ਪਾਰਟੀ ਮਜ਼ਬੂਤ ਕਰਨ ਦੇ ਉਤਸ਼ਾਹ ਵਿਚ 'ਦਾਗੀਆਂ' ਦੇ ਦਾਗ ਨਜ਼ਰਅੰਦਾਜ਼ ਕਰ ਦਿੱਤੇ ਗਏ।
ਸ: ਸੁਖਬੀਰ ਸਿੰਘ ਬਾਦਲ ਨੂੰ ਸ਼ਾਇਦ ਲੱਗਦਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੀ ਪਾਰਟੀ ਹੈ, ਉਹ ਜੋ ਮਰਜ਼ੀ ਕਰਨ। ਮੁਆਫ਼ ਕਰਨਾ, ਇਸ ਵਿਚ ਲੱਗਣ ਵਾਲੀ ਕੋਈ ਗੱਲ ਨਹੀਂ ਦਰਅਸਲ ਇਹ ਹੈ ਵੀ ਉਨ੍ਹਾਂ ਦੀ ਹੀ ਪਾਰਟੀ। ਮਰਜ਼ੀ ਵੀ ਉਨ੍ਹਾਂ ਦੀ ਹੀ ਚੱਲਦੀ ਹੈ ਤੇ ਚੱਲੇਗੀ, ਇਸ ਬਾਰੇ ਵੀ ਕੋਈ ਸ਼ੱਕ ਸ਼ੁਭਾ ਨਹੀਂ ਹੈ।
ਬਾਕੀ ਅਗਲੇ ਸਫ਼ੇ 'ਤੇ
ਪਰ ਦੂਜੇ ਬੰਨੇ ਇਹ ਗੱਲ ਵੀ ਸੋਲਾਂ ਆਨੇ ਖ਼ਰੀ ਐ ਕਿ ਕਾਂਗਰਸ ਅਤੇ ਹੋਰਨਾਂ ਵਿਰੋਧੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਇਕ ਪ੍ਰਾਈਵੇਟ ਲਿਮਟਿਡ ਕੰਪਨੀ ਹੋਣ ਦੇ ਲਾਏ ਜਾਂਦੇ ਦੋਸ਼ਾਂ ਦੇ ਬਾਵਜੂਦ ਸਾਡਾ ਮੰਨਣਾ ਹੈ ਕਿ ਅਕਾਲੀ ਦਲ ਕੋਈ ਪ੍ਰਾਈਵੇਟ ਲਿਮਟਿਡ ਕੰਪਨੀ ਨਹੀਂ ਹੈ ਸਗੋਂ ਪੰਜਾਬੀਆਂ ਦੀ ਇਕ ਨੁਮਾਇੰਦਾ ਸਿਆਸੀ ਪਾਰਟੀ ਹੈ ਜਿਹੜੀ ਰਾਜ ਦੇ ਲੋਕਾਂ ਦੇ ਇਕ ਵੱਡੇ ਵਰਗ ਦੀ ਪ੍ਰਤੀਨਿਧਤਾ ਕਰਦੀ ਹੈ, ਜਿਸਤੇ ਵਿਸ਼ਵਾਸ ਪ੍ਰਗਟ ਕਰਦਿਆਂ ਪੰਜਾਬ ਦੇ ਲੋਕਾਂ ਨੇ ਉਸਨੂੰ ਮੁੜ ਰਾਜ ਭਾਗ ਦੇ ਕਾਬਿਲ ਸਮਝਿਆ ਹੈ।
ਇਸ ਤਰ੍ਹਾਂ ਸ: ਸੁਖਬੀਰ ਸਿੰਘ ਬਾਦਲ ਦੀ ਨਿੱਜੀ ਪਾਰਟੀ ਹੋਣ ਦੇ ਨਾਲ ਨਾਲ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੋ ਜਾਂਦੀ ਹੈ। ਘੱਟੋ ਘੱਟ ਉਨ੍ਹਾਂ ਦੀ ਤਾਂ ਹੋ ਹੀ ਜਾਂਦੀ ਹੈ ਜਿਹੜੇ ਇਸ ਨਾਲ ਜੁੜੇ ਹਨ, ਇਸ ਲਈ ਕੰਮ ਕਰਦੇ ਹਨ, ਇਸ ਲਈ ਪਸੀਨਾ ਵਹਾਉਂਦੇ ਹਨ ਅਤੇ ਉਹ ਜਿਹੜੇ ਇਸ ਦੀਆਂ ਨੀਤੀਆਂ ਕਾਰਨ ਇਸ ਨੂੰ ਵੋਟ ਪਾਉਂਦੇ ਹਨ।
ਗੱਲ ਹੋ ਰਹੀ ਸੀ ਜੋਗਿੰਦਰ ਪਾਲ ਜੈਨ ਹੁਰਾਂ ਦੀ ਤੇ ਮੰਗਤ ਰਾਏ ਬਾਂਸਲ ਹੁਰਾਂ ਦੀ। ਅਜੇ ਜੈਨ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਆ ਕੇ ਚੋਣ ਜਿੱਤਿਆਂ ਕੁਝ ਹੀ ਸਮਾਂ ਲੰਘਿਆ ਸੀ ਕਿ ਅਦਾਲਤ ਵੱਲੋਂ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਤੇ ਚੱਲਦੇ ਇਕ ਗੰਭੀਰ ਮਾਮਲੇ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵਾਰੰਟ ਕੱਢ ਦਿੱਤੇ ਗਏ। ਮੰਗਤ ਰਾਏ ਬਾਂਸਲ ਹੁਰਾਂ ਦੇ ਖਿਲਾਫ਼ ਵੀ ਗੰਭੀਰ ਕੇਸ ਸੀ ਅਤੇ ਹੁਣ ਸੀ.ਬੀ.ਆਈ. ਦੀ ਇਕ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਜੇਲ੍ਹ ਭੇਜ ਦਿੱਤਾ ਹੈ।
ਇਹ ਤਾਂ ਸਮਝ ਆ ਹੀ ਸਕਦਾ ਹੈ ਕਿ ਜੋਗਿੰਦਰ ਪਾਲ ਜੈਨ ਜਾਂ ਮੰਗਤ ਰਾਏ ਬਾਂਸਲ ਸ਼੍ਰੋਮਣੀ ਅਕਾਲੀ ਦਲ ਵਿਚ ਕਿਉਂ ਆਏ ਹੋਣਗੇ ਪਰ ਮੇਰੇ ਵਰਗੇ ਹਮਾਤੜ ਪੰਜਾਬੀਆਂ ਲਈ ਇਹ 'ਅਲਜਬਰੇ' ਦੇ ਸਵਾਲ ਜਿਹਾ ਹੈ ਕਿ ਲੋਕਾਂ ਦੇ ਅਥਾਹ ਵਿਸ਼ਵਾਸ ਦਾ ਪਾਤਰ ਬਣਨ ਉਪਰੰਤ ਵੀ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਦੇ ਫੈਸਲਿਆਂ ਲਈ ਮਜਬੂਰ ਕਿਉਂ ਹੈ?
ਮੋਗੇ ਦੀਆਂ ਜਿਹੜੀਆਂ ਸਟੇਜਾਂ ਤੋਂ 2012 ਵਿਚ ਜਿਹੜੇ ਜੈਨ ਸਾਹਿਬ ਨੂੰ ਸਖ਼ਤ ਲਫ਼ਜਾਂ ਵਿਚ ਭੰਡਣ ਦੀ ਕੋਈ ਕਸਰ ਅਕਾਲੀ ਦਲ ਨੇ ਨਾ ਛੱਡੀ ਉਹੀ ਜੈਨ ਸਾਹਿਬ ਆਪਣੇ ਹੁੰਦਿਆਂ ਚੰਗੇ ਕਿਵੇਂ ਹੋ ਗਏ, ਇਹ ਗੱਲਾਂ ਨਾ ਕੋਈ ਸਮਝ ਸਕਦੈ, ਨਾ ਕੋਈ ਸਮਝਾ ਸਕਦੈ। ਜਿਸ ਮੰਗਤ ਰਾਏ ਬਾਂਸਲ ਲਈ ਚੋਣਾਂ ਵਿਚ ਬਹੁਤ ਕੁਝ ਆਖਿਆ ਗਿਆ, ਉਹ ਇਧਰ ਆਉਂਦਿਆਂ ਪਾਰਟੀ ਦਾ ਹੀਰਾ ਕਿਵੇਂ ਹੋ ਗਿਆ, ਸਮਝ ਤੋਂ ਬਾਹਰ ਹੈ।
ਹੁਣ ਜੈਨ ਸਾਹਿਬ ਦਾ ਕੀ ਬਣੇਗਾ ਇਹ ਦੋ ਜਣੇ ਹੀ ਜਾਣਦੇ ਨੇ, ਜਾਂ ਅਦਾਲਤ ਜਾਂ ਫ਼ਿਰ ਰੱਬ। ਹੁਣ ਮੰਗਤ ਰਾਏ ਬਾਂਸਲ ਹੁਰਾਂ ਦਾ ਕੀ ਬਣੇਗਾ ਇਹ ਵੀ ਦੋ ਜਣੇ ਹੀ ਜਾਣਦੇ ਨੇ ਜਾਂ ਹਾਈਕੋਰਟ ਜਾਂ ਰੱਬ ਪਰ ਪੰਜਾਬ ਦੇ ਲੋਕ ਇੰਨਾ ਕੁ ਜਾਣਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਲਈ ਇਹ ਸ਼ੁੱਭ ਸੰਕੇਤ ਨਹੀਂ ਹਨ। ਜੇ ਕੋਈ ਇਹ ਸਮਝੇ ਕਿ ਲੋਕਾਂ ਨੂੰ ਇਹ ਗੱਲਾਂ ਸਮਝ ਨਹੀਂ ਆ ਰਹੀਆਂ ਤਾਂ ਸ਼ਾਇਦ ਉਸ ਨੂੰ ਪੰਜਾਬ ਦੇ ਲੋਕਾਂ ਦੀ ਸਿਆਣਪ 'ਤੇ ਕੋਈ ਸ਼ੱਕ ਹੋਵੇਗਾ।
ਲੋਕ ਵੱਡੇ ਪ੍ਰਾਜੈਕਟ ਚਾਹੁੰਦੇ ਨੇ, ਲੋਕ ਵਿਕਾਸ ਚਾਹੁੰਦੇ ਨੇ, ਲੋਕ ਤਰੱਕੀ ਚਾਹੁੰਦੇ ਨੇ, ਲੋਕ ਖੁਸ਼ਹਾਲੀ ਚਾਹੁੰਦੇ ਨੇ ਪਰ ਇਸ ਸਭ ਦੇ ਨਾਲ ਨਾਲ ਲੋਕ ਇਹ ਵੀ ਚਾਹੁੰਦੇ ਨੇ ਕਿ ਰਾਜਨੀਤੀ ਸਾਫ਼ ਸੁਥਰੀ ਹੋਵੇ, ਰਾਜਨੀਤੀਵਾਨ ਸਾਫ਼ ਸੁਥਰੇ ਕਿਰਦਾਰ ਦੇ ਮਾਲਕ ਹੋਣ ਅਤੇ ਪਾਰਟੀਆਂ ਆਪਣੇ ਨੇਤਾਵਾਂ ਦੇ ਕਿਰਦਾਰ, ਉਨ੍ਹਾਂ ਦੇ ਕਾਰ ਵਿਹਾਰ ਬਾਰੇ ਸੁਚੇਤ ਹੋਣ।
ਮੈਂ ਆਪਣੀ ਗੱਲ ਇਕ ਆਖ਼ਰੀ ਵਾਕ ਨਾਲ ਖ਼ਤਮ ਕਰਕੇ ਇਜਾਜ਼ਤ ਲੈਣੀ ਚਾਹਾਂਗਾ। ''ਮੈਂ ਕੇਲੇ ਖਾਣ ਦੇ ਸ਼ੌਕੀਨ ਤਾਂ ਬੜੇ ਵੇਖੇ ਨੇ ਪਰ ਕਦੇ ਕਿਸੇ ਨੂੰ ਸ਼ੌਂਕ ਨਾਲ 'ਦਾਗੀ ਕੇਲੇ' ਖਾਂਦੇ ਨਹੀਂ ਜੇ ਵੇਖਿਆ।''
HS Bawa can be contcted at
This email address is being protected from spambots. You need JavaScript enabled to view it.





















