Punjab News

ਅੱਜ-ਨਾਮਾ

ਰਾਮਦੇਵ ਨਹੀਂ ਰਹਿੰਦਾ ਚਲਾਕੀਆਂ ਤੋਂ,
ਉੱਤੋਂ ਯੋਗੀ, ਸਿਆਸੀ ਹੈ ਜੜ੍ਹ ਮੀਆਂ।


ਟਿਕਦਾ ਆਪ ਨਹੀਂ ਕਿਸੇ ਅਸੂਲ ਉੱਪਰ,
ਛੱਡਦਾ ਕਸਰ ਨਹੀਂ ਮਾਰਦਾ ਫੜ੍ਹ ਮੀਆਂ।


ਉਂਜ ਯੋਗੀ, ਪਰ ਕਰੇ ਉਹ ਰਾਜਨੀਤੀ,
ਅੰਦਰ ਗਈ ਉਹ ਓਸ ਦੇ ਵੜ ਮੀਆਂ।


ਲੇਖਾ ਮਾਇਆ ਦਾ ਛੋਹ ਲਿਆ ਮੰਚ ਉੱਤੇ,
ਜਿਹੜਾ ਕੈਮਰੇ ਅੰਦਰ ਗਿਆ ਵੜ ਮੀਆਂ।


 
ਦੇਂਦਾ ਪਿਆ ਸਫਾਈਆਂ ਹੁਣ ਸਾਧ ਲਗਦਾ,
 
ਮਾਇਆ ਨਾਲ ਨਹੀਂ ਕੋਈ ਪਿਆਰ ਸਾਡਾ।


 
ਅਸੀਂ ਯੋਗੀ ਹਾਂ ਰਜ਼ਾ ਵਿੱਚ ਰਹਿਣ ਵਾਲੇ,
 
ਹੁੰਦਾ ਐਵੇਂ ਪਿਆ ਉਲਟ ਪਰਚਾਰ ਸਾਡਾ।


     -
ਤੀਸ ਮਾਰ ਖਾਂ

ਅੱਜ-ਨਾਮਾ

ਲੱਗਦੀ ਲੋਕਾਂ ਦੀ ਪੂਛ ਨੂੰ ਅੱਗ ਲੱਗੀ,
ਦੇਂਦਾ ਕੋਈ ਨਾ ਕਿਸੇ ਨੂੰ ਰਾਹ ਬੇਲੀ।


ਗੱਡੀ ਕੱਢਣੀ ਔਖੀ ਹੈ ਸੜਕ ਉੱਤੇ,
ਜਾਵੇ ਬੰਦੇ ਦੀ ਕੋਈ ਨਾ ਵਾਹ ਬੇਲੀ।


ਕੱਢ ਕੱਚਿਓਂ, ਤੇਰੇ ਮੈਂ ਮਗਰ ਆਵਾਂ,
ਬਿਨਾਂ ਮੰਗੇ ਕਈ ਦੇਣ ਸਲਾਹ ਬੇਲੀ।


ਵਿੱਚ ਗੱਡੀ ਦੇ ਬੈਠ ਕੇ ਚੜ੍ਹੀ ਜਾਂਦਾ,
ਪੈਦਲ ਜਾਣ ਨਾਲੋਂ ਵੱਧ ਸਾਹ ਬੇਲੀ।


ਕਿਸੇ ਪਾਸੇ ਵੀ ਨਿਕਲਣਾ ਬੜਾ ਔਖਾ,
 
ਸੜਕਾਂ ਸਾਰੀਆਂ ਉੱਤੇ ਨੇ ਜਾਮ ਲੱਗੇ।


 
ਬਾਹਰੋਂ ਆਏ ਤਾਂ ਹੁੰਦੇ ਨੇ ਡੌਰ-ਭੌਰੇ,
 
ਏਥੇ ਰਹਿੰਦਿਆਂ ਨੂੰ ਗੱਲ ਆਮ ਲੱਗੇ।


     -
ਤੀਸ ਮਾਰ ਖਾਂ

ਅੱਜ-ਨਾਮਾ

ਮਾੜੇ ਆਏ ਨੇ ਦਿਨ ਮਨਮੋਹਨ ਸਿੰਘਾ,
ਜੋੜੀਦਾਰਾਂ ਹੀ ਦੋਸ਼ ਹੁਣ ਲਾਏ ਮੀਆਂ।


ਬਾਹਰ ਵਾਲੇ ਤਾਂ ਕਰੀ ਹਨ ਚੋਟ ਜਾਂਦੇ,
ਭਾਈਵਾਲ ਨਾ ਮਦਦ ਨੂੰ ਆਏ ਮੀਆਂ।


ਉਨ੍ਹਾਂ ਸੱਪਾਂ ਹੁਣ ਮਾਰਿਆ ਡੰਗ ਤੈਨੂੰ,
ਬੁੱਕਲ ਅੰਦਰ ਸੀ ਜੋ ਲੁਕਾਏ ਮੀਆਂ।


ਆੜੀ ਲੁੱਟ ਕੇ ਬੋਹਲ ਜਦ ਪਏ ਰਾਹੇ,
ਚੁੱਪ ਬੈਠ ਮਨਮੋਹਨ ਪਛਤਾਏ ਮੀਆਂ।


 ਬੈਠੀ ਜੜ੍ਹੀਂ ਕੁਸੰਗਤ ਹੈ ਬਹੁਤ ਡਾਢੀ,
 ਮਾਰੀ ਫਸਲੀ ਬਟੇਰਿਆਂ ਮਾਰ ਮੀਆਂ।


 ਔਖੀ ਘੜੀ ਨਾ ਕਦੇ ਵੀ ਨਾਲ ਨਿਭਦੇ,
 ਜਿਹੜੇ ਹੁੰਦੇ ਨੇ ਖਾਣ ਦੇ ਯਾਰ ਮੀਆਂ।


     -ਤੀਸ ਮਾਰ ਖਾਂ

TB Banner3 2

Facebook

Twitter

LinkedId

Site by : BIGBASICS.COM