ਅੱਜ-ਨਾਮਾ

ਮਾੜੇ ਆਏ ਨੇ ਦਿਨ ਮਨਮੋਹਨ ਸਿੰਘਾ,
ਜੋੜੀਦਾਰਾਂ ਹੀ ਦੋਸ਼ ਹੁਣ ਲਾਏ ਮੀਆਂ।


ਬਾਹਰ ਵਾਲੇ ਤਾਂ ਕਰੀ ਹਨ ਚੋਟ ਜਾਂਦੇ,
ਭਾਈਵਾਲ ਨਾ ਮਦਦ ਨੂੰ ਆਏ ਮੀਆਂ।


ਉਨ੍ਹਾਂ ਸੱਪਾਂ ਹੁਣ ਮਾਰਿਆ ਡੰਗ ਤੈਨੂੰ,
ਬੁੱਕਲ ਅੰਦਰ ਸੀ ਜੋ ਲੁਕਾਏ ਮੀਆਂ।


ਆੜੀ ਲੁੱਟ ਕੇ ਬੋਹਲ ਜਦ ਪਏ ਰਾਹੇ,
ਚੁੱਪ ਬੈਠ ਮਨਮੋਹਨ ਪਛਤਾਏ ਮੀਆਂ।


 ਬੈਠੀ ਜੜ੍ਹੀਂ ਕੁਸੰਗਤ ਹੈ ਬਹੁਤ ਡਾਢੀ,
 ਮਾਰੀ ਫਸਲੀ ਬਟੇਰਿਆਂ ਮਾਰ ਮੀਆਂ।


 ਔਖੀ ਘੜੀ ਨਾ ਕਦੇ ਵੀ ਨਾਲ ਨਿਭਦੇ,
 ਜਿਹੜੇ ਹੁੰਦੇ ਨੇ ਖਾਣ ਦੇ ਯਾਰ ਮੀਆਂ।


     -ਤੀਸ ਮਾਰ ਖਾਂ

ਅੱਜ-ਨਾਮਾ

ਟੱਬਰ ਨਹਿਰੂ ਦਾ ਪਾੜਿਆ ਰਾਜਨੀਤੀ,
ਦੀਦੀ ਭਾਈ ਚਚੇਰੇ ਨਾਲ ਲੜੀ ਮੀਆਂ।


ਮੁੰਡੇ ਫਿਰਨ ਦੋਪਾਸੜੀਂ ਸ਼ਾਸਤਰੀ ਦੇ,
ਰਾਜਨੀਤੀ ਦੀ ਘੋਲੀ ਹੈ ਕੜ੍ਹੀ ਮੀਆਂ।


ਕਰੁਣਾਨਿਧੀ ਦਾ ਪਾਟਿਆ ਘਰ ਓਧਰ,
ਵੱਖੋ-ਵੱਖ ਲੀਹ ਪੁੱਤਾਂ ਨੇ ਫੜੀ ਮੀਆਂ।


ਰਹਿ ਗਈ ਪਰੇ ਪੰਜਾਬੋਂ ਨਾ ਰਾਜਨੀਤੀ,
ਬਾਦਲ ਪਿੰਡ ਦੇ ਵਿੱਚ ਵੀ ਵੜੀ ਮੀਆਂ।


 ਦਾਦਾ ਇੱਕੋ ਸੀ ਕੌਰਵ ਤੇ ਪਾਂਡਵਾਂ ਦਾ,
 ਰਾਜਨੀਤੀ ਉਹ ਸਨ ਲੜਵਾਏ ਮੀਆਂ।


 ਕੁਰਕਸ਼ੇਤਰ ਹੁਣ ਬਣੇ ਨੇ ਕਈ ਥਾਂਈਂ,
 ਆਪਸ ਵਿੱਚ ਹੀ ਮੋਰਚੇ ਲਾਏ ਮੀਆਂ।


     -ਤੀਸ ਮਾਰ ਖਾਂ

ਅੱਜ-ਨਾਮਾ

ਧਾਰ ਲਈ ਜਦ ਚੁੱਪ ਹੁਣ ਸਾਰਿਆਂ ਨੇ,
ਇੱਕੋ ਜੋਸ਼ੀ ਨੇ ਚੁੱਪ ਨਹੀਂ ਕਰੀ ਮੀਆਂ।


ਬਿਨਾਂ ਨਾਗਾ ਬਿਆਨ ਉਹ ਦੇਈ ਜਾਵੇ,
ਜਾਂਦਾ ਸਫੇ ਅਖਬਾਰਾਂ ਦੇ ਭਰੀ ਮੀਆਂ।


ਆਖੇ ਲਹਿਰ ਦੇ ਤੁਸਾਂ ਨੂੰ ਪੈਣ ਝਾਓਲੇ,
ਬੇੜੀ ਜਾਂਦੀ ਵਿਚਾਲੇ ਜਦ ਤਰੀ ਮੀਆਂ।


ਉਲਟ ਵਹਿਣ ਦੀ ਆਈ ਜੇ ਛੱਲ ਇੱਕੋ,
ਜਾਣੀ ਨਹੀਂ ਉਹ ਤੁਸਾਂ ਤੋਂ ਜਰੀ ਮੀਆਂ।


 ਸਿਰਫ ਜੋਸ਼ੀ ਜੋ ਅਜੇ ਨਹੀਂ ਚੁੱਪ ਕੀਤਾ,
 ਆਖੀ ਜਾਂਦਾ ਉਹ ਗੱਲ ਹੈ ਖਰੀ ਮੀਆਂ।


 ਬਾਕੀ ਪਾ ਲਈ ਨੀਂਵੀਂ ਹੈ ਸਾਰਿਆਂ ਨੇ,
 ਜਾਂਦੇ ਮੋਦੀ ਤੋਂ ਸੁੱਤੇ ਪਏ ਡਰੀ ਮੀਆਂ।


     -ਤੀਸ ਮਾਰ ਖਾਂ

TB Banner3 2

Facebook

Twitter

LinkedId

Site by : BIGBASICS.COM